ਸ੍ਰੀ ਮੁਕਤਸਰ ਸਾਹਿਬ, 3 ਸਤੰਬਰ 2020 – ਸੂਬੇ ਅੰਦਰ ਔਰਤਾਂ ਤੇ ਹੋ ਰਹੇ ਜੁਲਮ, ਅੱਤਿਆਚਾਰ ਤੇ ਧੱਕੇਸ਼ਾਹੀ ਦੇ ਖਿਲਾਫ਼ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਜਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਯੂਨੀਅਨ ਦੇ 21 ਮੈਂਬਰੀ ਵਫਦ ਨੇ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਵਿਚ ਤਹਿਸੀਲਦਾਰ ਰਮੇਸ਼ ਕੁਮਾਰ ਰਾਹੀਂ ਗ੍ਰਹਿ ਮੰਤਰੀ ਭਾਰਤ ਸਰਕਾਰ, ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੇ ਨਾਮ ਮੰਗ ਪੱਤਰ ਭੇਜੇ ਹਨ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਯੂਨੀਅਨ ਦੀਆਂ ਆਗੂ ਖੰਡੇ ਵਾਲੇ ਪਾਰਕ ਵਿਚ ਇਕੱਠੀਆਂ ਹੋਈਆਂ ਅਤੇ ਉਥੇ ਹੀ ਤਹਿਸੀਲਦਾਰ ਮੰਗ ਪੱਤਰ ਲੈਣ ਲਈ ਪੁੱਜੇ, ਜਿਸ ਵਿਚ ਕਿਹਾ ਗਿਆ ਹੈ ਕਿ ਇਸ ਸਮੇਂ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਤੇ ਜੰਗਲ ਦਾ ਰਾਜ ਹੈ, ਹਰ ਪਾਸੇ ਧੱਕੇਸ਼ਾਹੀ ਤੇ ਗੁੰਡਾਗਰਦੀ ਹੈ ਅਤੇ ਔਰਤਾਂ ਕਿਧਰੇ ਵੀ ਸੁਰੱਖਿਅਤ ਨਹੀ ਹਨ। ਆਗੂਆਂ ਨੇ ਕਿਹਾ ਕਿ ਜੇਕਰ ਔਰਤਾਂ ’ਤੇ ਹੋ ਰਿਹਾ ਅੱਤਿਆਚਾਰ ਤੇ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਜਥੇਬੰਦੀ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਦੇ ਖਿਲਾਫ਼ 7 ਸਤੰਬਰ ਨੂੰ ਚੰਡੀਗੜ ਵਿਖੇ ਡੀ.ਜੀ.ਪੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਯੂਨੀਅਨ ਵੱਲੋਂ ਇਸਤਰੀ ਤੇ ਬਾਲ ਭਲਾਈ ਸੰਸਥਾ ਦੇ ਸਹਿਯੋਗ ਨਾਲ 4 ਸਤੰਬਰ ਨੂੰ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਨਾਮ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਚਿੱਠੀਆਂ ਲਿਖ ਕੇ ਭੇਜਣਗੀਆਂ ਤੇ ਮੰਗ ਕੀਤੀ ਜਾਵੇਗੀ ਕਿ ਪੰਜਾਬ ਦੀਆਂ ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਆਗੂਆਂ ਨੇ ਕਿਹਾ ਕਿ ਜੇਕਰ ਕੋਈ ਮਸਲਾ ਹੱਲ ਨਾ ਹੋਇਆ ਤਾਂ ਦੋਵਾਂ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਕਿਰਨਜੀਤ ਕੌਰ ਭੰਗਚੜੀ, ਉਕਾਰ ਕੌਰ ਮਲੋਟ, ਗਗਨ ਮੱਲਣ, ਇਕਬਾਲ ਕੌਰ ਲੁਹਾਰਾ, ਉਰਮਲਾ, ਜਸਵਿੰਦਰ ਕੌਰ, ਸੁਖਵਿੰਦਰ ਕੌਰ, ਪਰਮਿੰਦਰ ਕੌਰ, ਵੀਰਪਾਲ ਕੌਰ ਤਰਮਾਲਾ, ਮਲਕੀਤ ਕੌਰ, ਇੰਦਰਪਾਲ ਕੌਰ, ਪਰਮਜੀਤ ਕੌਰ, ਸ਼ੁਸ਼ਮਾ, ਕੁਲਵਿੰਦਰ ਕੌਰ, ਵੀਰਨ ਦੇਵੀ, ਅੰਮਿ੍ਰਤਪਾਲ ਕੌਰ ਥਾਂਦੇਵਾਲਾ, ਨਰਿੰਦਰ ਕੌਰ, ਲਖਵਿੰਦਰ ਕੌਰ, ਪ੍ਰੇਮ ਰਾਣੀ ਤੇ ਜਸਵੀਰ ਕੌਰ ਆਦਿ ਆਗੂ ਮੌਜ਼ੂਦ ਸਨ।