ਬਠਿੰਡਾ, 25 ਅਗਸਤ 2020 – ਪੰਜਾਬ ਦੀ ਕਾਂਗਰਸ ਸਰਕਾਰ ਦੇ ਹੁੰਦਿਆਂ ਕਾਂਗਰਸੀਆਂ ਵੱਲੋਂ ਬਠਿੰਡਾ ਅੰਦਰ ਨਗਰ ਨਿਗਮ ਦੀ ਕਮਾਈ ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਜਿਸਦੀ ਤਾਜ਼ਾ ਮਿਸਾਲ ਨਗਰ ਨਿਗਮ ਦੀ ਆਮਦਨ ਵਾਲੇ ਸਰਕਾਰੀ ਯੂਨੀਪੋਲਾਂ ਅਤੇ ਬੋਰਡਾਂ ਤੋਂ ਮਿਲਦੀ ਹੈ ਜਿਸ ਤੇ ਹੁਣ ਕਾਂਗਰਸੀਆਂ ਨੇ ਆਪਣੇ ਫਲੈਕਸ ਬੋਰਡ ਚਿਪਕਾ ਕੇ ਕਬਜ਼ਾ ਕੀਤਾ ਹੋਇਆ ਹੈ ਇਹ ਦੋਸ਼ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਲਾਉਂਦਿਆਂ ਕਿਹਾ ਕਿ ਨਗਰ ਨਿਗਮ ਦੀ ਆਮਦਨ ਦਾ ਇਹ ਜ਼ਰੀਆ ਸੀ ਜਿਸ ਤੇ ਹੁਣ ਕਾਂਗਰਸੀ ਆਪਣੀ ਧੌਸ਼ ਜਮਾਈ ਬੈਠੇ ਹਨ, ਜਿਸ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖ ਰਿਹਾ ਹੈ।
ਆਪ ਆਗੂ ਨੇ ਕਿਹਾ ਕਿ ਨਗਰ ਨਿਗਮ ਬਠਿੰਡਾ ਵਿੱਚ ਉਕਤ ਯੂਨੀਪੋਲਾਂ ਅਤੇ ਸਰਕਾਰੀ ਬੋਰਡਾਂ ਦਾ ਜੋ ਟੈਂਡਰ ਹੋਇਆ ਸੀ ਉਹ ਕਰੋਨਾ ਮਹਾਂਮਾਰੀ ਕਾਰਨ ਮੁਕੰਮਲ ਨਹੀਂ ਹੋ ਸਕਿਆ ਜਿਸ ਕਾਰਨ ਹੁਣ ਇਹ ਨਿਗਮ ਅਧੀਨ ਹਨ ਜਿਸ ਨੂੰ ਕਾਂਗਰਸੀ ਆਗੂ ਤੇ ਵਰਕਰ ਆਪਣੀ ਮਸ਼ਹੂਰੀ ਲਈ ਵਰਤ ਰਹੇ ਹਨ ਜੋ ਕਿ ਗੈਰ ਕਾਨੂੰਨੀ ਹੈ। ਨੀਲ ਗਰਗ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਪਾਸੇ ਨਗਰ ਨਿਗਮ ਫੰਡਾਂ ਦੀ ਘਾਟ ਕਾਰਨ ਵਿਕਾਸ ਕਾਰਜ ਨਹੀਂ ਕਰਵਾ ਪਾ ਰਹੀ ਦੂਜੇ ਪਾਸੇ ਜਿਥੋਂ ਨਗਰ ਨਿਗਮ ਨੂੰ ਇਨਕਮ ਹੋ ਸਕਦੀ ਹੈ ਉਸ ਉੱਤੇ ਕਾਂਗਰਸੀਆਂ ਨੇ ਕਬਜਾ ਕੀਤਾ ਹੋਇਆ ਹੈ।
ਜੇਕਰ ਇਹਨਾਂ ਯੂਨੀਪੋਲ ਦਾ ਟੈਂਡਰ ਨਹੀਂ ਵੀ ਹੋਇਆ ਤਾਂ ਇਹ ਬੋਰਡ ਅਤੇ ਯੂਨੀਪੋਲ ਦੁਕਾਨਦਾਰਾਂ ਨੂੰ ਸਸਤੇ ਰੇਟ ਤੇ ਪ੍ਰਚਾਰ ਕਰਨ ਲਈ ਦਿਤੇ ਜਾ ਸਕਦੇ ਹਨ ਤੇ ਇਸ ਨਾਲ ਨਿਗਮ ਨੂੰ ਵੀ ਕੁੱਝ ਆਮਦਨ ਹੋਵੇ। ਨੀਲ ਗ਼ਰਗ ਨੇ ਹੈਰਾਨਗੀ ਪ੍ਰਗਟਾਈ ਕਿ ਇਹ ਕਿਵੇਂ ਹੋ ਸਕਦਾ ਹੈ ਕੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਨਗਰ ਨਿਗਮ ਬਠਿੰਡਾ ਕਮਿਸ਼ਨਰ ਨੂੰ ਇਸ ਦੀ ਜਾਣਕਾਰੀ ਹੀ ਨਾ ਹੋਵੇ? ਪਰ ਅੱਜ ਤੱਕ ਇਹ ਬੋਰਡ ਉਤਾਰੇ ਨਹੀਂ ਗਏ ਅਤੇ ਨਾ ਹੀ ਇਨ੍ਹਾਂ ਬੋਰਡਾਂ ਅਤੇ ਯੂਨੀਪੋਲਾਂ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਪ੍ਰਤੀ ਗੰਭੀਰ ਹੋ ਕੇ ਕਬਜ਼ਾ ਕਰਨ ਵਾਲੇ ਕਾਂਗਰਸੀ ਆਗੂਆਂ ਤੇ ਵਰਕਰਾਂ ਤੇ ਬਣਦੀ ਕਾਰਵਾਈ ਕਰੇ।