ਔਕਲੈਂਡ, 25 ਅਗਸਤ 2020 – ‘ਵੰਦੇ ਭਾਰਤ ਮਿਸ਼ਨ’ ਤਹਿਤ ਨਿਊਜ਼ੀਲੈਂਡ ਆਉਣ ਵਾਲਾ ਏਅਰ ਇੰਡੀਆ ਦਾ 10ਵਾਂ ਜਹਾਜ਼ ਅੱਜ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਵੀਂ ਦਿੱਲੀ ਦੇ ਲਈ 12.30 ਵਜੇ ਦੀ ਥਾਂ ਲਗਪਗ 1.57 ਵਜੇ ਨਾਨ ਸਟਾਪ ਉਡਾਣ ਭਰ ਗਿਆ ਅਤੇ ਭਾਰਤੀ ਸਮੇਂ ਅਨੁਸਾਰ ਰਾਤ 10.53 ਵਜੇ ਇਹ ਦਿੱਲੀ ਪਹੁੰਚ ਜਾਵੇਗਾ। ਇਸ ਜਹਾਜ਼ ਦੇ ਵਿਚ ਵਤਨ ਵਾਪਿਸੀ ਕਰ ਰਹੇ ਲੋਕਾਂ ਨੇ ਅੱਜ ਸਵੇਰ ਤੋਂ ਹੀ ਔਕਲੈਂਡ ਹਵਾਈ ਅੱਡੇ ਉਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ।
ਗੁਰਦੁਆਰਾ ਸਾਹਿਬ ਟੀਰਾਪਾ ਹਮਿਲਟਨ ਤੋਂ ਰਾਗੀ ਭਾਈ ਰਾਜਪਾਲ ਸਿੰਘ ਅਤੇ ਉਨ੍ਹਾਂ ਦਾ ਜੱਥਾ ਅੱਜ ਸਵੇਰੇ ਹੀ ਪਹੁੰਚ ਗਿਆ ਸੀ। ਪਹਿਲਾਂ ਇਹ ਫਲਾਈਟ 9 ਵਜੇ ਚੱਲਣ ਵਾਲੀ ਸੀ ਪਰ ਇਸਦਾ ਸਮਾਂ ਕੁਝ ਦਿਨ ਪਹਿਲਾਂ 12.30 ਵਜੇ ਤਬਦੀਲ ਕਰ ਦਿੱਤਾ ਗਿਆ ਸੀ, ਇਸ ਦੇ ਬਾਵਜੂਦ ਲੋਕ ਸਵੇਰੇ 9 ਵਜੇ ਦੇ ਹਿਸਾਬ ਨਾਲ ਪਹੁੰਚਣ ਵਿਚ ਜਿਆਦਾ ਸੁਰੱਖਿਅਤ ਮਹਿਸੂਸ ਕਰਦੇ ਰਹੇ ਸਨ। ਗੇਟ ਨੰਬਰ 8 ਉਤੇ ਏਅਰ ਇੰਡੀਆ ਦਾ ਜਹਾਜ਼ ਲੱਗਿਆ ਅਤੇ ਲੋਕਾਂ ਨੇ ਸਵਾ 12 ਵਜੇ ਬੋਰਡਿੰਗ ਸ਼ੁਰੂ ਕੀਤੀ। ਇਹ ਜਹਾਜ਼ ਵੀ ਪੂਰੀ ਤਰ੍ਹਾਂ ਭਰਕੇ ਗਿਆ ਹੈ। ਇਹ ਜਹਾਜ਼ 23 ਅਗਸਤ ਨੂੰ ਇਹ ਜਹਾਜ਼ ਇਥੇ ਲਗਪਗ 200 ਸਵਾਰੀਆਂ ਲੈ ਕੇ ਪਹੁੰਚਿਆ ਸੀ। ਸੋ ਏਅਰ ਇੰਡੀਆ ਦਾ ਜਹਾਜ਼ ਅੱਜ ਔਕਲੈਂਡ ਹਵਾਈ ਅੱਡੇ ਉਤੇ ਨਿਊਜ਼ੀਲੈਂਡ ਅਟਕੇ ਭਾਰਤੀਆਂ ਨੂੰ ਕਹਿ ਰਿਹਾ ਸੀ ਕਿ ਬੰਨ੍ਹ ਲਓ ਮੂੰਹ ”ਆਓ ਲੈ ਚੱਲਾਂ ਤੁਹਾਨੂੰ ਦਿੱਲੀ ਨੂੰ…’