ਫਰਿਜ਼ਨੋ (ਕੈਲੇਫੋਰਨੀਆ), ਅਗਸਤ , 2020 : ਮਨਜੀਤ ਸਿੰਘ ਅਤੇ ਜਤਿੰਦਰ ਸਿੰਘ ਦੀ ਮੌਤ ਦੀਆਂ ਮਨਹੂਸ ਖ਼ਬਰਾਂ ਦੀ ਹਾਲੇ ਸਿਆਹੀ ਨਹੀਂ ਸੁੱਕੀ ਸੀ ਕਿ ਕੈਲੇਫੋਰਨੀਆ ਸਟੇਟ ਦੇ ਸ਼ਹਿਰ ਫਰਿਜ਼ਨੋ ਤੋ ਇੱਕ ਹੋਰ ਪੰਜਾਬੀ ਨੌਜਵਾਨ ਮੁਖ਼ਤਿਆਰ ਸਿੰਘ ਧਾਲੀਵਾਲ ਦੀ ਟਰੱਕ ਹਾਦਸੇ ਵਿੱਚ ਹੋਈ ਮੌਤ ਨੇ ਪੰਜਾਬੀ ਭਾਈਚਾਰੇ ਦੇ ਕਾਲਜੇ ਵਲੂੰਧਰ ਸੁੱਟੇ। ਪ੍ਰਾਪਤ ਜਾਣਕਾਰੀ ਅਨੁਸਾਰ ਮੁਖ਼ਤਿਆਰ ਸਿੰਘ ਧਾਲੀਵਾਲ ਦੀ ਉਮਰ ਕਰੀਬ 38 ਸਾਲ ਸੀ ਅਤੇ ਇਹ ਫਰਿਜ਼ਨੋ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋ ਪਰਿਵਾਰ ਸਮੇਤ ਕਹਿ ਰਿਹਾ ਸੀ ਅਤੇ ਟਰੱਕ ਚਲਾਉਣ ਦਾ ਕਿੱਤਾ ਕਰਦਾ ਸੀ। ਮੁਖ਼ਤਿਆਰ ਸਿੰਘ ਧਾਲੀਵਾਲ ਪਿਛਲੇ ਦਿਨੀਂ ਜਦੋਂ ਅਮਰੀਕਾ ਦੀ ਐਰੀਜੋਨਾ ਸਟੇਟ ਵਿੇਚ ਫਰੀਵੇਅ 40 ਦੇ 39 ਮੀਲ ਮਾਰਕਰ ਲਾਗੇ ਡੈਲਸ ਨੂੰ ਲੋਡ ਲੈ ਕੇ ਜਾ ਰਿਹਾ ਸੀ ‘ਤਾਂ ਅਚਾਨਕ ਟਰੱਕ ਦਾ ਅਗਲਾ ਟਾਇਰ ਫਟ ਗਿਆ ਜਿਸ ਕਾਰਨ ਟਰੱਕ ਘਸੜਦਾ ਹੋਇਆ ਫਰੀਵੇਅ ਦੇ ਵਿਚਾਲੇ ਖਤਾਨਾਂ ਵਿੇਚ ਜਾ ਡਿੱਗਿਆ ਅਤੇ ਇੰਨੇ ਵਿੱਚ ਟਰੱਕ ਦੇ ਡੀਜ਼ਲ ਟੈਂਕ ਫਟ ਗਏ ‘ਤੇ ਟਰੱਕ ਨੂੰ ਅੱਗ ਪੈ ਗਈ ਅਤੇ ਮੁਖ਼ਤਿਆਰ ਸਿੰਘ ਧਾਲੀਵਾਲ ਇਸ ਹਾਦਸੇ ਵਿੱਚ ਆਪਣੀ ਜਾਨ ਤੋਂ ਹੱਥ ਧੋ ਬੈਠਾ। ਮ੍ਰਿਤਕ ਮੁਖ਼ਤਿਆਰ ਸਿੰਘ ਧਾਲੀਵਾਲ ਦਾ ਪਿਛਲਾ ਪਿੰਡ ਲੋਪੋ ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ, ਉਹ ਆਪਣੇ ਪਿੱਛੇ ਪਤਨੀ, ਦੋ ਬੱਚੇ, ਪਿਤਾ ਅਤੇ ਭਰਾ ਨੂੰ ਛੱਡ ਗਿਆ ਹੈ। ਇਸ ਦੁਖਦਾਈ ਖ਼ਬਰ ਕਾਰਨ ਜਿੱਥੇ ਉਸਦੇ ਸਹੁਰਾ ਪਰਿਵਾਰ (ਸੰਘਾ ਪਰਿਵਾਰ) ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉੱਥੇ ਫਰਿਜ਼ਨੋ ਦਾ ਪੂਰਾ ਪੰਜਾਬੀ ਭਾਈਚਾਰਾ ਵੀ ਸੋਗ ਵਿੱਚ ਡੁੱਬਿਆ ਹੋਇਆ ਹੈ।