ਨਵੀਂ ਦਿੱਲੀ, 19 ਅਗਸਤ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹਨ| ਪਿਛਲੇ ਕੁਝ ਦਿਨਾਂ ਤੋਂ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ, ਭਾਰਤ-ਚੀਨ ਵਿਚਾਲੇ ਜਾਰੀ ਤਣਾਅ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਟਵੀਟ ਜ਼ਰੀਏ ਸਰਕਾਰ ਤੇ ਨਿਸ਼ਾਨੇ ਵਿੰਨ੍ਹੇ ਰਹੇ ਹਨ| ਉਨ੍ਹਾਂ ਨੇ ਇਕ ਵਾਰ ਫਿਰ ਅੱਜ ਟਵੀਟ ਕਰ ਕੇ ਮੋਦੀ ਸਰਕਾਰ ਤੇ ਤੰਜ ਕੱਸਿਆ ਹੈ| ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਿਛਲੇ 4 ਮਹੀਨਿਆਂ ਵਿੱਚ 2 ਕਰੋੜ ਲੋਕਾਂ ਦੀ ਨੌਕਰੀ ਗਈ| ਜਿਸ ਕਾਰਨ ਇਨ੍ਹਾਂ ਪਰਿਵਾਰਾਂ ਸਾਹਮਣੇ ਗੰਭੀਰ ਆਫਤ ਪੈਦਾ ਹੋ ਗਈ ਹੈ|
ਰਾਹੁਲ ਨੇ ਟਵੀਟ ਕੀਤਾ ਕਿ ਪਿਛਲੇ 4 ਮਹੀਨਿਆਂ ਤੋਂ ਕਰੀਬ 2 ਕਰੋੜ ਲੋਕਾਂ ਨੇ ਨੌਕਰੀਆਂ ਗਵਾਈਆਂ ਹਨ| 2 ਕਰੋੜ ਪਰਿਵਾਰਾਂ ਦਾ ਭਵਿੱਖ ਹਨ੍ਹੇਰੇ ਵਿਚ ਹੈ| ਫੇਸਬੁੱਕ ਤੇ ਝੂਠੀਆਂ ਖ਼ਬਰਾਂ ਅਤੇ ਨਫ਼ਰਤ ਤੋਂ ਬੇਰੋਜ਼ਗਾਰੀ ਅਤੇ ਅਰਥਵਿਵਸਥਾ ਦੀ ਆਫਤ ਦਾ ਸੱਚ ਦੇਸ਼ ਤੋਂ ਲੁਕਾਇਆ ਨਹੀਂ ਜਾ ਸਕਦਾ| ਕੋਰੋਨਾ ਦਾ ਕਹਿਰ ਅਪ੍ਰੈਲ ਤੋਂ ਹੁਣ ਤੱਕ 1.89 ਕਰੋੜ ਨੌਕਰੀਆਂ ਗਈਆਂ| ਪਿਛਲੇ ਮਹੀਨੇ ਯਾਨੀ ਕਿ ਜੁਲਾਈ ਵਿੱਚ ਲੱਗਭਗ 50 ਲੱਖ ਲੋਕਾਂ ਨੇ ਨੌਕਰੀ ਗਵਾਈ ਹੈ| ਅੰਕੜਿਆਂ ਮੁਤਾਬਕ ਅਪ੍ਰੈਲ ਵਿੱਚ 1.77 ਕਰੋੜ ਅਤੇ ਮਈ ਵਿੱਚ ਲੱਗਭਗ 1 ਲੱਖ ਲੋਕਾਂ ਦੀ ਨੌਕਰੀ ਗਈ| ਜੂਨ ਵਿੱਚ ਲੱਗਭਗ 39 ਲੱਖ ਨੌਕਰੀਆਂ ਮਿਲੀਆਂ ਪਰ ਜੁਲਾਈ ਵਿੱਚ ਕਰੀਬ 50 ਲੱਖ ਲੋਕਾਂ ਦੀ ਨੌਕਰੀ ਚੱਲੀ ਗਈ| ਇਸ ਖਬਰ ਨੂੰ ਰੀਟਵੀਟ ਕਰਦੇ ਹੋਏ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਤੰਜ ਕੱਸਿਆ ਹੈ|