ਸਰੀ, 12 ਅਗਸਤ 2020 – ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ ਡਾ. ਥਰੈਸਾ ਟੈਮ ਨੇ ਸਪੱਸ਼ਟ ਕੀਤਾ ਹੈ ਕਿ ਰੂਸ ਵੱਲੋਂ ਤਿਆਰ ਕੀਤੀ ਕੋਵਿਡ-19 ਦੀ ਕਥਿਤ ਵੈਕਸੀਨ ਨੂੰ ਹਾਸਲ ਕਰਨ ਲਈ ਕੈਨੇਡਾ ਨੂੰ ਬਹੁਤੀ ਕਾਹਲ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਹੈਲਥ ਸਿਸਟਮ ਉੱਪਰ ਪੂਰਾ ਵਿਸ਼ਵਾਸ ਹੈ ਅਤੇ ਹੈਲਥ ਕੈਨੇਡਾ ਵੱਲੋਂ ਦਿੱਤੀ ਜਾਣ ਵਾਲੀ ਮੰਜ਼ੂਰੀ ‘ਤੇ ਹੀ ਸਭ ਕੁੱਝ ਨਿਰਭਰ ਹੈ। ਅਸੀਂ ਹਰ ਪੱਖੋਂ ਪੂਰੀ ਸਾਵਧਾਨੀ ਵਰਤ ਰਹੇ ਹਾਂ ਅਤੇ ਕਿਸੇ ਵੀ ਕੀਮਤ ਤੇ ਕੈਨੇਡੀਅਨ ਦੀ ਸਿਹਤ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਡਾ. ਟੈਮ ਦੀਆਂ ਇਹ ਟਿੱਪਣੀਆਂ ਨੂੰ ਰੂਸ ਵੱਲੋਂ ਕੋਵਿਡ-19 ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ।
ਇਸੇ ਦੌਰਾਨ ਕੈਨੇਡਾ ਦੇ ਡਿਪਟੀ ਚੀਫ਼ ਪਬਲਿਕ ਹੈਲਥ ਅਫ਼ਸਰ ਡਾ. ਹੌਵਰਡ ਨਿਊ ਨੇ ਵੀ ਕਿਹਾ ਹੈ ਕਿ ਰੂਸ ਵੱਲੋਂ ਵੈਕਸੀਨ ਨੂੰ ਦਿੱਤੀ ਮੰਨਜ਼ੂਰੀ ਵਿਚ ਡਿਸਕਵਰੀ ਤੋਂ ਅਪਰੂਵਲ ਤੱਕ ਦੀ ਕਾਰਵਾਈ ਬੇਹੱਦ ਤੇਜ਼ੀ ਨਾਲ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੂਸ ਦੀ ਵੈਕਸੀਨ ਬਾਰੇ ਅਜੇ ਬਹੁਤੀ ਪਾਰਦਰਸ਼ਿਤਾ ਨਹੀਂ ਹੈ ਅਤੇ ਇਸ ਦੀ ਟੈਸਟਿੰਗ ਅਤੇ ਅਸਰ ਬਾਰੇ ਅਜੇ ਬਹੁਤਾ ਕੁਝ ਸਪੱਸ਼ਟ ਨਹੀਂ ਹੈ।