ਸ੍ਰੀ ਮੁਕਤਸਰ ਸਾਹਿਬ, 11 ਅਗਸਤ 2020-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ 12 ਅਗਸਤ ਨੂੰ ਕੌਮਾਂਤਰੀ ਨੌਜਵਾਨ ਦਿਵਸ ਮੌਕੇ ਸਮਾਰਟਫ਼ੋਨ ਵੰਡਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਵਲੋਂ ਪੰਜਾਬ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕੌਮਾਂਤਰੀ ਨੌਜਵਾਨ ਦਿਵਸ ਮੌਕੇ 12ਵੀਂ ਜਮਾਤ ’ਚ ਪੜ੍ਹਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਾਰਟਫ਼ੋਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪੋ-ਆਪਣੇ ਦਫ਼ਤਰ ’ਚ ਜਾਂ ਕਿਸੇ ਹੋਰ ਥਾਂ ’ਤੇ ਇਕ ਛੋਟਾ ਜਿਹਾ ਸਮਾਗਮ ਕਰਵਾਉਣ ਲਈ ਕਿਹਾ ਗਿਆ ਹੈ, ਜਦਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਨੂੰ ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਵਿਚਾਰ-ਵਟਾਂਦਰਾ ਕਰਕੇ ਸਮਾਗਮ ਦੀ ਵਿਉਂਤਬੰਦੀ ਤਿਆਰ ਕਰਨ ਤੇ ਸਮਾਰਟਫ਼ੋਨ ਲੈਣ ਵਾਲੇ ਵਿਦਿਆਰਥੀਆਂ ਦੀ ਸੂਚੀ ਤਿਆਰ ਕਰਨ ਤੇ ਵਿਦਿਆਰਥੀਆਂ ਨੂੰ ਕੋਵਿਡ-19 ਦੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਦੇ ਹੋਏ ਛੋਟੇ ਸਮਾਗਮ ’ਚ ਲਿਆਉਣ ਲਈ ਪ੍ਰਬੰਧ ਪੂਰੇ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਲਜੀਤ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪਿਲ ਸ਼ਰਮਾ, ਸੁਖਦਰਸ਼ਨ ਸਿੰਘ ਬੇਦੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਫੋਨ ਵੰਡੇ ਜਾ ਰਹੇ ਹਨ, ਜਿੰਨ੍ਹਾਂ ਵਿੱਚੋਂ 12 ਅਗਸਤ ਨੂੰ ਪਹਿਲੇ ਦਿਨ ਡੀ.ਸੀ. ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦਿਆਰਥਣਾਂ ਨੂੰ ਉੱਤਮ ਕੁਆਲਿਟੀ ਦੇ ਫੋਨ ਵੰਡੇ ਜਾਣਗੇ। ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜੇ ਬੇਹਤਰੀਨ ਆਏ ਸਨ ਅਤੇ ਅੱਜ ਦੇ ਕੋਰੋਨਾ ਜਿਹੇ ਚੁਣੌਤੀਪੂਰਨ ਸਮੇਂ ਦੌਰਾਨ ਵੀ ਆਨਲਾਈਨ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਲਈ ਇਹ ਮੋਬਾਈਲ ਫੋਨ ਬਹੁਤ ਸਹਾਇਕ ਸਿੱਧ ਹੋਣਗੇ।