ਬਾਗਪਤ, 11 ਅਗਸਗ- ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਭਾਜਪਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੇ ਖੋਖਰ ਦਾ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ| ਪੁਲੀਸ ਮੁਤਾਬਕ ਸੰਜੇ ਸਵੇਰ ਦੀ ਸੈਰ ਤੇ ਗਏ ਹੋਏ ਸਨ, ਜਦੋਂ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ| ਬਾਗਪਤ ਦੇ ਛਪਰੌਲੀ ਖੇਤਰ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ 3 ਵਿਅਕਤੀਆਂ ਦਾ ਕਤਲ ਹੋ ਚੁੱਕਾ ਹੈ| ਪੁਲੀਸ ਇੰਸਪੈਕਟਰ ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਛਪਰੌਲੀ ਇਲਾਕੇ ਦੇ ਤਿਲਵਾੜਾ ਵਾਸੀ ਸੰਜੇ ਖੋਖਰ ਸਵੇਰੇ ਸੈਰ ਲਈ ਗਏ ਸਨ, ਜਦੋਂ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਬਦਮਾਸ਼ਾਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ| ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਪੁਲੀਸ ਫੋਰਸ ਨਾਲ ਮੌਕੇ ਤੇ ਪੁੱਜੀ|
ਪੁਲੀਸ ਮੁਤਾਬਕ ਕਤਲ ਦੇ ਪਿੱਛੇ ਦਾ ਕਾਰਨ ਰੰਜਿਸ਼ ਲੱਗ ਰਹੀ ਹੈ| ਪੁਲੀਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਖੋਖਰ ਨੂੰ ਦੋ ਗੋਲੀਆਂ ਮਾਰੀਆਂ ਹਨ| ਇਕ ਗੋਲੀ ਸਿਰ ਵਿੱਚ ਇਕ ਸੀਨੇ ਵਿਚ ਲੱਗੀ ਹੈ| ਪੁਲੀਸ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਖੁਲਾਸੇ ਲਈ ਪੁਲੀਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ| ਪੁਲੀਸ ਕਾਤਲਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ|
ਜ਼ਿਕਰਯੋਗ ਹੈ ਕਿ ਸੰਜੇ ਖੋਖਰ ਕਰੀਬ 3 ਸਾਲ ਭਾਜਪਾ ਜ਼ਿਲ੍ਹਾ ਪ੍ਰਧਾਨ ਰਹੇ ਸਨ| ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਅਹੁਦੇ ਤੋਂ ਹਟਾਇਆ ਗਿਆ ਸੀ| ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਖੋਖਰ ਦੀ ਮੌਤ ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ| ਉਨ੍ਹਾਂ ਨੇ ਖੋਖਰ ਦੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ ਹੈ| ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਜਾਂਚ ਕਰ ਕੇ ਦੋਸ਼ੀਆਂ ਨੂੰ 24 ਘੰਟੇ ਵਿਚ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ| ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਜਵਾਬਦੇਹੀ ਵੀ ਤੈਅ ਕੀਤੀ ਜਾਵੇ|