ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ 11 ਅਗਸਤ, 2020 ਨੂੰ ‘ਵਰਚੁਅਲ ਮੀਟ’ ਦਾ ਆਯੋਜਨ ਕਰਵਾ ਰਹੀ ਹੈ।ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਸੰਕਟ ਤੋਂ ਬਾਅਦ ਅਰਥਵਿਵਸਥਾ ਨੂੰ ਮੁੜ ਲੀਹਾਂ ‘ਤੇ ਲਿਆਉਣ ਲਈ ਦੇਸ਼ ਦੇ ਵੱਡੇ ਸਨਅਤਕਾਰਾਂ ਅਤੇ ਚਿੰਤਕਾਂ ਨਾਲ ਵਿਚਾਰ ਸਾਂਝੇ ਕਰਨਗੇ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਵਿਚਾਰ ਗੋਸ਼ਟੀ ਦੌਰਾਨ ਮੁੱਖ ਮੰਤਰੀ ਅਰਥਵਿਵਸਥਾ ਨੂੰ ਵਿਕਾਸ ਵੱਲ ਲਿਜਾਣ ਵਾਲੇ ਤੌਰ ਤਰੀਕਿਆਂ ਸਬੰਧੀ ਜਿਥੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਗੇ ਉਥੇ ਸਨਅਤੀ ਅਦਾਰਿਆਂ ਦੇ ਆਗੂਆਂ ਦੇ ਵਿਚਾਰ ਵੀ ਸੁਣਨਗੇ।
ਸ. ਸੰਧੂ ਨੇ ਕਿਹਾ ਕਿ ਕੋਵਿਡ-19 ਦੀ ਭਿਆਨਕ ਮਹਾਂਮਾਰੀ ਨੇ ਵਿਸ਼ਵਵਿਆਪੀ ਪੱਧਰ ‘ਤੇ ਦੁਨੀਆਂ ਦੇ ਅਰਥਚਾਰੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਆਂਕੜਿਆਂ ਮੁਤਾਬਕ ਦੁਨੀਆਂ ਦੀ ਅਰਥਵਿਵਸਥਾ ਨੂੰ ਲਗਭਗ 3.8 ਟ੍ਰਿਲੀਅਨ ਡਾਲਰ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਦੁਨੀਆ ਦੀ ਅਰਥਵਿਵਸਥਾ ਆਪਸ ‘ਚ ਜੁੜੀ ਹੋਣ ਕਰਕੇ ਇਹ ਸਮੱਸਿਆ ਕੌਮਾਤਰੀ ਆਰਥਿਕ ਸੰਕਟ ਬਣ ਉਭਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਗੱਲ ਕਰੀਏ ਤਾਂ ਭਾਰਤ ਵੀ ਇਸ ਸੰਕਟ ਨਾਲ ਜੂਝ ਰਿਹਾ ਹੈ ਅਤੇ ਮਹਾਂਮਾਰੀ ਤੋਂ ਬਾਅਦ ਸਰਕਾਰਾਂ ਲਈ ਅਰਥਚਾਰੇ ਨੂੰ ਮੁੜ ਲੀਹ ‘ਤੇ ਲਿਆਉਣਾ ਮੁੱਖ ਪ੍ਰਾਥਮਿਕਤਾ ਹੈ। ਉਨ੍ਹਾਂ ਸੂਬਾ ਸਰਕਾਰ ਦੇ ਉਪਰਾਲਿਆਂ ਦੇ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਫਤਿਹ ਤਹਿਤ ਸਰਕਾਰ ਕੋਰੋਨਾਵਾਇਰਸ ਉਪਰ ਵੱਡੇ ਪੱਧਰ ‘ਤੇ ਕਾਬੂ ਪਾਉਣ ‘ਚ ਕਾਮਯਾਬ ਰਹੀ ਹੈ ਅਤੇ ਹੁਣ ਸਮਾਂ ਸਾਰੇ ਕਾਰੋਬਾਰੀਆਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਕਰਕੇ ਅਰਥਵਿਵਸਥਾ ਨੂੰ ਮੁੜ ਤੋਂ ਸੁਰਜੀਤ ਕਰਨ ਸਬੰਧੀ ਰਣਨੀਤੀ ਘੜ੍ਹਨ ਦਾ ਹੈ। ਜਿਸ ਦੇ ਮੱਦੇਨਜ਼ਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਵਰਚੁਅਲ ਮੀਟ ਦੇ ਮਾਧਿਅਮ ਰਾਹੀਂ ਇਹ ਪਹਿਲਕਦਮੀ ਕੀਤੀ ਹੈ।
ਸ. ਸੰਧੂ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ, ਵੱਲੋਂ ਕੋਵਿਡ-19 ਤੋਂ ਬਾਅਦ ਦੇ ਸਮੇਂ ਵਿੱਚ ਸਨਅਤੀ ਅਦਾਰਿਆਂ ਦੇ ਸਹਿਯੋਗ ਨਾਲ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਲਈ ਆਪਣੇ ਸੁਝਾਅ ਅਤੇ ਵਿਚਾਰ ਲੈਣ ਲਈ ਦੇਸ਼ ਦੇ ਚੋਟੀ ਦੇ ਸਨਅਤਕਾਰਾਂ ਨਾਲ ਸਿੱਧਾ ਰਾਬਤਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਵਰਚੁਅਲ ਮੀਟ’ ਲਈ ਦੋ ਵੱਖ-ਵੱਖ ਸੈਸ਼ਨ ਉਲੀਕੇ ਗਏ ਹਨ, ਪਹਿਲੇ ਸੈਸ਼ਨ ਦੌਰਾਨ 11:30 ਵਜੇ ਤੋਂ 1 ਵਜੇ ਤੱਕ ਦੇਸ਼ ਦੇ ਉਘੇ ਉਦਯੋਗਪਤੀ ਵਿਸ਼ੇ ਸਬੰਧੀ ਆਪਣੇ ਵਿਚਾਰ ਰੱਖਣਗੇ ਅਤੇ ਦੂਜਾ ਸੈਸ਼ਨ 2 ਵਜੇ ਤੋਂ 3 ਵਜੇ ਤੱਕ ਉਦਯੋਗ ਦੇ ਨੁਮਾਇੰਦਿਆਂ ਦੁਆਰਾ ਮਾਨਯੋਗ ਮੁੱਖ ਮੰਤਰੀ ਨੂੰ ਪਹਿਲੇ ਸੈਸ਼ਨ ਸਬੰਧੀ ਸੰਖੇਪ ਜਾਣਕਾਰੀ ਦੇਣ ਨਾਲ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟ www.cuchd.in ਦੇ ਨਾਲ-ਨਾਲ ਫੇਸਬੁੱਕ, ਟਵੀਟਰ ਅਤੇ ਯੂ.ਟਿਊਬ ਚੈਨਲ ‘ਤੇ ਵੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਵਰਚੁਅਲ ਮੀਟ ਦੌਰਾਨ ਸੈਮਸੰਗ ਇਲੈਕਟ੍ਰਾਨਿਕ ਤੋਂ ਸੀਨੀਅਰ ਵੀ.ਪੀ ਅਤੇ ਐਚ.ਆਰ ਮੁਖੀ ਸਮੀਰ ਵਧਾਵਾਨ, ਮਾਇਕ੍ਰੋਸਾਫ਼ਟ ਇੰਡੀਆ ਦੇ ਐਚ.ਆਰ ਮੁਖੀ ਇਰਾ ਗੁਪਤਾ, ਐਮਾਜ਼ੌਨ ਇੰਟਰਨੈਟ ਸਰਵਿਸਿਜ਼ ਦੱਖਣੀ ਏਸ਼ੀਆ ਅਤੇ ਏ.ਡਬਲਿਯੂ.ਐਸ ਦੇ ਪ੍ਰੈਜੀਡੈਂਟ ਰਾਹੁਲ ਸ਼ਰਮਾ, ਹਿੰਦੂਸਤਾਨ ਯੂਨੀਲੀਵਰ ਲਿਮ. ਦੇ ਚੇਅਰਮੈਨ ਅਤੇ ਐਮ.ਡੀ ਸੰਜੀਵ ਮਹਿਤਾ, ਟੈਕ ਮਹਿੰਦਰਾ ਦੇ ਸੀ.ਈ.ਓ ਅਤੇ ਐਮ.ਡੀ ਸੀ.ਪੀ. ਗੁਰਨਾਨੀ, ਡੀ.ਐਲ.ਐਫ਼ ਦੇ ਐਮ.ਡੀ ਰਾਜੀਵ ਤਲਵਾਰ, ਬਾਇਓਕਾੱਨ ਦੇ ਐਗਜ਼ੀਕਿਊਟਿਵ ਚੇਅਰਪਰਸਨ ਡਾ. ਕਿਰਨ ਮਾਜ਼ੂਮਦਰ ਸ਼ਾਅ, ਸ਼ਿੰਡਲਰ ਇੰਡੀਆ ਦੇ ਪ੍ਰੈਜੀਡੈਂਟ ਅਤੇ ਸੀ.ਈ.ਓ ਅਸ਼ੋਕ ਰਾਮਾਚੰਦਰਨ, ਵੀ.ਈ ਕਮਰਸ਼ੀਅਲ ਵਹੀਕਲ ਦੇ ਐਮ.ਡੀ ਅਤੇ ਸੀ.ਈ.ਓ ਵਿਨੋਦ ਅਗਰਵਾਲ, ਏਅਰਟੈਲ ਪੇਮੈਂਟ ਬੈਂਕ ਦੇ ਐਮ.ਡੀ ਅਤੇ ਸੀ.ਈ.ਓ ਅਨੁਬਰਾਤਾ ਵਿਸ਼ਵਾਸ, ਕੌਗਨੀਜੈਂਟ ਦੇ ਸੀ.ਐਚ.ਆਰ.ਓ ਸ਼ਾਨਤਾਨੂ ਝਾ, ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰੈਜੀਡੈਂਟ ਅਤੇ ਗਰੁੱਪ ਐਗਜੀਕਿਊਟਿਵ ਬੋਰਡ ਮੈਂਬਰ ਰਾਜੀਵ ਦੂਬੇ, ਓਬਰ ਦੇ ਸੈਂਟਰ ਓਪਰੇਸ਼ਨਲ ਹੈਡ ਪਵਨ ਵੇਸ਼ ਆਦਿ ਵਿਸ਼ੇਸ਼ ਤੌਰ ‘ਤੇ ਆਪਣੇ ਵਿਚਾਰ ਪ੍ਰਗਟ ਕਰਨਗੇ। ਇਸ ਮੌਕੇ ਉਨ੍ਹਾਂ ਸਮੂਹ ਨੌਜਵਾਨਾਂ, ਉਦਯੋਗਪਤੀਆਂ ਨੂੰ ਇਸ ਮਹੱਤਵਪੂਰਨ ‘ਵਰਚੁਅਲ ਮੀਟ’ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਤਾਂ ਜੋ ਦੇਸ਼ ਅਤੇ ਸੂਬੇ ਦੇ ਵਿਕਾਸ ਲਈ ਇੱਕ ਪਲੇਟਫਾਰਮ ‘ਤੇ ਆ ਕੇ ਰਣਨੀਤੀ ਘੜੀ ਜਾਵੇ।