ਫਿਰੋਜ਼ਪੁਰ, 31 ਜੁਲਾਈ 2020 – ਕੋਰੋਨਾ ਵਾਇਰਸ ਦੇ ਖ਼ਿਲਾਫ਼ ਜਾਰੀ ਜੰਗ ਵਿੱਚ ਜਿੱਥੇ ਡਾਕਟਰ, ਪੁਲਿਸ ਕਰਮਚਾਰੀ, ਸਫ਼ਾਈ ਕਰਮਚਾਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਕੋਰੋਨਾ ਯੋਧਾ ਦੇ ਤੌਰ ‘ਤੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਉੱਥੇ ਹੀ ਹੁਣ ਸ਼ਹਿਰ ਦੀ ਬੇਦੀ ਕਾਲੋਨੀ ਨਿਵਾਸੀ ਤੀਸਰੀ ਜਮਾਤ ਦੇ 9 ਸਾਲਾ ਵਿਦਿਆਰਥੀ ਕਨਵ ਨਰੂਲਾ ਨੇ ਮਿਸ਼ਨ ਫਤਿਹ ਦੇ ਤਹਿਤ ਕੋਰੋਨਾ ਦੇ ਖ਼ਿਲਾਫ਼ 1 ਮਹੀਨੇ ਵਿੱਚ 613 ਕਿੱਲੋਮੀਟਰ ਸਾਈਕਲ ਚਲਾ ਕੇ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕੀਤਾ ਹੈ।
ਕਨਵ ਨੇ ਪਹਿਲੇ ਦਿਨ ਵਿੱਚ 15 ਤੋਂ 20 ਕਿੱਲੋਮੀਟਰ ਸਾਈਕਲ ਚਲਾ ਕੇ ਲੋਕਾਂ ਨੂੰ ਸਰੀਰਕ ਸਮਰੱਥਾ ਤਾਕਤ ਵਧਾਉਣ ਦੇ ਲਈ ਜਾਗਰੂਕ ਕੀਤਾ ਤੇ ਇਸ ਦੌਰਾਨ ਉਹ ਹੁਸੈਨੀਵਾਲਾ ਬਾਰਡਰ ਤੇ ਵੀ ਪਹੁੰਚਿਆ॥ 9 ਸਾਲ ਦੇ ਕਨਵ ਪੁੱਤਰ ਆਸੂ ਨਿਵਾਸੀ ਬੇਦੀ ਕਾਲੋਨੀ ਨੇ ਹੁਣ ਤੱਕ ਕਰੋਨਾ ਖ਼ਿਲਾਫ਼ ਜੰਗ ਵਿੱਚ ਹੁਣ ਤੱਕ 613 ਕਿੱਲੋਮੀਟਰ ਸਾਈਕਲ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਕਨਵ ਦੀ ਮਾਤਾ ਜੋ ਕਿ ਸਿੱਖਿਆ ਵਿਭਾਗ ਵੱਲੋਂ ਲਗਾਈ ਗਈ ਡਿਊਟੀ ਤਹਿਤ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾ ਸਬੰਧੀ ਜਾਗਰੂਕ ਕਰਨ ਲਈ ਜਾਂਦੀ ਰਹੀ ਹੈ, ਉਨ੍ਹਾਂ ਤੋਂ ਕਨਵ ਨੇ ਮਿਸ਼ਨ ਫਤਿਹ ਬਾਰੇ ਪੁੱਛਿਆ। ਜਦੋਂ ਕਨਵ ਦੇ ਮਾਤਾ ਪਿਤਾ ਨੇ ਉਸ ਨੂੰ ਮਿਸ਼ਨ ਫਤਿਹ ਬਾਰੇ ਵਿਸਥਾਰ ਨਾਲ ਦੱਸਿਆ ਤਾ ਉਸਦੇ ਕਿਹਾ ਕਿ ਉਹ ਮਿਸ਼ਨ ਫਤਿਹ ਦੇ ਤਹਿਤ ਸਾਈਕਲ ਚਲਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰੇਗਾ।