ਨਵੀਂ ਦਿੱਲੀ, 16 ਜੁਲਾਈ 2020 – ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਅੱਜ ਦਿੱਲੀ ‘ਚ ਮਨਜੀਤ ਸਿੰਘ ਜੀ.ਕੇ ਦੀ ਜਾਗੋ ਪਾਰਟੀ ਦੁਆਰਾ ਦਿੱਲੀ ਦੇ ਚਾਣਕਿਆਪੁਰੀ ਵਿਖੇ ਪਾਕਿਸਤਾਨ ਅੰਬੈਸੀ ਕੋਲ ਜਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਪੰਨੂ ਅਤੇ ਆਈ.ਐਸ.ਆਈ. ਦੇ ਪੁਤਲੇ ਵੀ ਫੂਕੇ ਗਏ।
ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਪੰਨੂ ਖਿਲਾਫ ਬੋਲਦਿਆਂ ਕਿਹਾ ਕਿ ਗੁਰਪਤਵੰਤ ਪੰਨੂ ਬਾਹਰਲੇ ਮੁਲਕ ‘ਚ ਬੈਠਾ ਪੰਜਾਬ ਅਤੇ ਭਾਰਤ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੋ ਕਿ ਨਾ ਸਹਿਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ “ਖਾਲਿਸਤਾਨ” ਦੀ ਮੰਗ ਕਰਨਾ ਕਿਸੇ ਦਾ ਨਿੱਜੀ ਹੱਕ ਹੈ, ਅਤੇ ਪੰਜਾਬ ‘ਚ ਰਹਿੰਦਿਆਂ ਸਿਮਰਜੀਤ ਸਿੰਘ ਮਾਨ (ਸ਼੍ਰ.ਅ.ਦ. ਅੰਮ੍ਰਿਤਸਰ) ਵੀ ਖਾਲਿਸਤਾਨ ਦੀ ਮੰਗ ਕਰ ਰਹੇ ਹਨ ਅਤੇ ਉਥੇ ਹੀ ਦਲ ਖਾਲਸਾ ਵੀ ਭਾਰਤ ‘ਚ ਰਹਿ ਕੇ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ। ਪਰ ਗੁਰਪਤਵੰਤ ਸਿੰਘ ਪੰਨੂ ਪਾਕਿਸਤਾਨ ਅਤੇ ਚੀਨ ਵਰਗੇ ਮੁਲਕਾਂ ਤੋਂ ਪੈਸੇ ਲੈ ਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੀ.ਕੇ ਨੇ ਕਿਹਾ ਕਿ ਪੰਨੂ ਨੂੰ ਖਾਲਿਸਤਾਨ ਦੀ ਮੰਗ ਕਰਨ ਲਈ ਪਹਿਲਾਂ ਖੁਦ ਸਿੱਖ ਦੇ ਰੂਪ ‘ਚ ਆਉਣਾ ਚਾਹੀਦਾ ਹੈ।
ਮਨਜੀਤ ਜੀ.ਕੇ ਨੇ ਕਿਹਾ ਕਿ ਉਹ ਖੁਦ ਭਾਰਤ ‘ਚ ਰਹਿ ਕੇ ਸਿੱਖਾਂ ਦੇ ਹੱਕਾਂ ਲਈ ਹਮੇਸ਼ਾਂ ਅੱਗੇ ਹੋ ਕੇ ਲੜਦੇ ਆ ਰਹੇ ਨੇ ਤੇ ਲੜਦੇ ਰਹਿਣਗੇ। ਉਨ੍ਹਾਂ ਸੱਜਣ ਕੁਮਾਰ ਅਤੇ 84 ਕਤਲੇਆਮ ਦੇ ਦੋਸ਼ੀਆਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਪਿਛਲੇ ੩੫ ਸਾਲਾਂ ਤੋਂ ਉਹ ਇਹ ਲੜਾਈ ਲੜ ਰਹੇ ਨੇ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣ ‘ਚ ਉਹ ਹਮੇਸ਼ਾਂ ਲੜਦੇ ਆਏ ਹਨ। ਜੀ.ਕੇ ਨੇ ਕਿਹਾ ਕਿ ਜੋ ਗੁਰਪਤਵੰਤ ਪੰਨੂ ਆਪਣੇ ਤਰਕ ਦੇ ਰਿਹਾ ਹੈ, ਉਨ੍ਹਾਂ ਨੂੰ ਉਸਦੀ ਕੋਈ ਲੋੜ ਨਹੀਂ ਹੈ। ਇਥੇ ਹੀ ਜੀ.ਕੇ ਨੇ ਅਮਰੀਕਾ ਗਏ ਵਕਤ ਆਪਣੇ ‘ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ।
ਰੋਸ ਮੁਜਾਹਰਾ ਕਰ ਰਹੀ ਜਾਗੋ ਪਾਰਟੀ ਨੂੰ ਚਾਣਕਿਆਪੁਰੀ ਪੁਲਿਸ ਥਾਣੇ ਮੂਹਰੇ ਰੋਕ ਲਿਆ ਗਿਆ ਕਿਉਂਕਿ ਦਿੱਲੀ ‘ਚ ਕੋਰੋਨਾ ਕਾਰਨ ਧਾਰਾ 144 ਲੱਗੀ ਹੋਈ ਹੈ।