ਚੰਡੀਗੜ੍ਹ, 13 ਜੁਲਾਈ 2020 – ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦਾ ਨਾਂਅ ਐਫ.ਆਈ.ਆਰ ‘ਚ ਸ਼ਾਮਲ ਹੋਣ ਮਗਰੋਂ ਅੱਜ ਡੇਰਾ ਸਿਰਸਾ ਦੇ ਅਹੁਦੇਦਾਰਾਂ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਸਾਰੇ ਇਲਜ਼ਾਮਾਂ ਨੂੰ ਝੂਠ ਦੱਸਿਆ।
ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹਰਚਰਨ ਸਿੰਘ (ਸਟੇਟ ਕਮੇਟੀ ਮੈਂਬਰ ਡੇਰਾ ਸੱਚਾ ਸੌਦਾ) ਨੇ ਦੱਸਿਆ ਕਿ ਜਿੰਨ੍ਹਾਂ ਮੁਲਜ਼ਮਾਂ ਦੇ ਬਿਆਨਾਂ ਦੇ ਅਧਾਰ ‘ਤੇ ਰਾਮ ਰਹੀਮ ਦਾ ਨਾਂਅ ਐਫ.ਆਈ.ਆਰ ‘ਚ ਦਰਜ ਕੀਤਾ ਗਿਆ ਹੈ, ਉਨ੍ਹਾਂ ਦਾ ਇਸ ਕੇਸ ਨਾਲ ਸੀ.ਬੀ.ਆਈ ਦੀ ਜਾਂਚ ਮੁਤਾਬਕ ਕੋਈ ਲੈਣਾ ਦੇਣਾ ਹੀ ਨਹੀਂ ਹੈ। ਹਰਚਰਨ ਸਿੰਘ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਅਤੇ ਡੇਰਾ ਮੁਖੀ ਨਾਲ ਧੱਕਾ ਹੋ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ 2017 ਚੋਣਾਂ ਦੌਰਾਨ ਸਮਰਥਨ ਦੇਣ ਦੇ ਬਿਆਨ ‘ਤੇ ਹਰਚਰਨ ਸਿੰਘ ਨੇ ਕਿਹਾ ਕਿ “ਇਹ ਗੱਲ ਜੱਗ ਜ਼ਹਾਰ ਹੈ ਕਿ ਉਨ੍ਹਾਂ ਨੇ ਅਕਾਲੀਦਲ ਨੂੰ ਸਮਰਥਨ ਕੀਤਾ ਸੀ, ਪਰ ਉਹ ਇਸ ਗੱਲ ਤੋਂ ਵਾਕਫ ਨਹੀਂ ਨੇ ਕਿ ਇਹ ਸਭ ਮੌਜੂਦਾ ਸਰਕਾਰ ਕਰ ਰਹੀ ਹੈ ਜਾਂ ਕੋਈ ਹੋਰ ਉਨ੍ਹਾਂ ਖਿਲਾਫ ਸਾਜਿਸ਼ ਕਰ ਰਿਹਾ ਹੈ।”