ਗੁਰਦਾਸਪੁਰ , , 24 ਅਕਤੂਬਰ 2024- ਮੌਜੂਦਾ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਕਤਲ ਕੀਤਾ ਜਾ ਰਿਹਾ ਹੈ, ਅਜਿਹਾ ਮੰਨਣਾ ਹੈ ਸੁੱਚਾ ਸਿੰਘ ਲੰਗਾਹ ਦਾ। ਸੁੱਚਾ ਸਿੰਘ ਲੰਗਾਹ ਜਿਨਾਂ ਨੂੰ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਲਿਆ ਗਿਆ ਹੈ ਦਾ ਕਹਿਣਾ ਹੈ ਕਿ ਉਹ ਏਜੰਸੀਆਂ ਜਿਨਾਂ ਪਹਿਲਾਂ ਵੀ ਸਿੱਖੀ ਦਾ ਤੇ ਸਿੱਖੀ ਸੰਸਥਾਵਾਂ ਦਾ ਘਾਣ ਕੀਤਾ ਹੈ ਉਹ ਇੱਕ ਵਾਰ ਫਿਰ ਤੋਂ ਸਰਗਰਮ ਹੋ ਚੁੱਕੀਆਂ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਸੀ ਗਤੀਵਿਧੀਆਂ ਤੋਂ ਲਾਂਭੇ ਕਰਨ ਦੀ ਕੋਸ਼ਿਸ਼ਾਂ ਵਿੱਚ ਹਨ ।ਸੁੱਚਾ ਸਿੰਘ ਲੰਗਾਹ ਨੇ ਸਮੁੱਚੇ ਪੰਥ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹੋਣ ਤਾਂ ਜੋ ਕਿ ਪੰਥ ਨੂੰ ਅਤੇ ਸਿੱਖ ਸੰਸਥਾਵਾਂ ਨੂੰ ਬਚਾਇਆ ਜਾ ਸਕੇ ।
ਕਸਬਾ ਕਲਾਨੌਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਸੁੱਚਾ ਸਿੰਘ ਲੰਗਾਹ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਤੇ ਆਪਣਾ ਅਸ਼ੀਰਵਾਦ ਰੱਖਣ ।ਜਿਮਨੀ ਚੋਣਾਂ ਦੇ ਸਬੰਧੀ ਬੋਲਦਿਆਂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਜੇਕਰ ਇਹਨਾਂ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਨਹੀਂ ਲੜਦਾ ਤਾਂ ਉਹ ਆਪਣਾ ਸਿਆਸੀ ਕਤਲ ਕਰ ਲਵੇਗਾ। ਸੁੱਚਾ ਸਿੰਘ ਲੰਗਾਹ ਦਾ ਕਹਿਣਾ ਕਿ ਉਹਨਾਂ ਦੀ ਨਿੱਜੀ ਰਾਏ ਹੈ ਕਿ ਹਰ ਹਾਲਤ ਦੇ ਵਿੱਚ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਉਮੀਦਵਾਰ ਖੜੇ ਕਰਕੇ ਲੋਕ ਕਚਹਿਰੀ ਦੇ ਵਿੱਚ ਜਰੂਰ ਜਾਣਾ ਚਾਹੀਦਾ ਹੈ ਤੇ ਇਲੈਕਸ਼ਨਾਂ ਜਰੂਰ ਲੜਨੀਆਂ ਚਾਹੀਦੀਆਂ ਹਨ। ਲੋਕਾਂ ਦਾ ਜੋ ਫਤਵਾ ਹੋਏਗਾ ਉਸ ਨੂੰ ਸਿਰ ਮੱਥੇ ਪਰਵਾਨਿਆ ਜਾਣਾ ਚਾਹੀਦਾ ਹੈ। ਲੰਗਾਹ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਰਾਜਸੀ ਗਤੀਵਿਧੀਆਂ ਤੋਂ ਲਾਂਭੇ ਕਰਨ ਦੀ ਕਵਾਇਦ ਘੜੀ ਜਾ ਰਹੀ ਹੈ । ਉਹਨਾਂ ਦੀ ਨਿੱਜੀ ਮੰਗ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਨਹੀਂ ਤੇ ਘੱਟੋ ਘੱਟ ਪ੍ਰਚਾਰ ਕਰਨ ਦੀ ਇਜਾਜ਼ਤ ਜਰੂਰ ਮਿਲਣੀ ਚਾਹੀਦੀ ਹੈ ।ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਆਪਣਾ ਪੱਖ ਰੱਖਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।