ਗੁਰਦਾਸਪੁਰ 9ਸਤੰਬਰ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਉੱਤਰ ਪ੍ਰਦੇਸ਼ ਕਾਸਗੰਜ ਵਿੱਚ ਮਹਿਲਾ ਵਕੀਲ ਦੀ ਘਿਨਾਉਣੀ ਹੱਤਿਆ ‘ਤੇ ਡੂੰਘੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ।ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਵਕੀਲ ਲੜਕੀ 3 ਸਤੰਬਰ ਨੂੰ ਉਹ ਦੁਪਹਿਰ ਸਮੇਂ ਕਾਸਗੰਜ ਜ਼ਿਲ੍ਹਾ ਅਦਾਲਤ ਵਿੱਚ ਆਪਣੇ ਚੈਂਬਰ ਵਿੱਚ ਪੁੱਜੀ ਸੀ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੀ। ਉਸਦੇ ਪਤੀ ਨੇ ਪੁਲਿਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਤਾਂ ਉਸਦੀ ਸਕੂਟੀ ਉਸਦੇ ਚੈਂਬਰ ਕੋਲ ਖੜੀ ਮਿਲੀ। 4 ਸਤੰਬਰ ਨੂੰ, ਉਸਦੀ ਕੱਟੀ ਹੋਈ ਲਾਸ਼ ਕਾਸਗੰਜ ਨਹਿਰ ਵਿੱਚ ਲੱਭੀ ਗਈ ਸੀ। ਮੁਢਲੀ ਪੋਸਟਮਾਰਟਮ ਰਿਪੋਰਟ ਦੱਸਦੀ ਹੈ ਕਿ ਮੌਤ ਡੁੱਬਣ ਕਾਰਨ ਨਹੀਂ ਹੋਈ।
ਵਕੀਲ ਦੇ ਪਰਿਵਾਰ ਦਾ ਦੋਸ਼ ਹੈ ਕਿ ਲਾਪਤਾ ਵਿਅਕਤੀ ਦੀ ਰਿਪੋਰਟ ਦੇ ਬਾਵਜੂਦ ਪੁਲਿਸ ਨੇ ਉਸ ਦੀ ਭਾਲ ਵਿਚ ਤੁਰੰਤ ਕਾਰਵਾਈ ਨਹੀਂ ਕੀਤੀ। ਕਾਸਗੰਜ ਦੇ ਵਕੀਲਾਂ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਦੀ ਢਿੱਲ ਦੇ ਖਿਲਾਫ ਇੱਕ ਦਿਨ ਦੀ ਹੜਤਾਲ ਵੀ ਕੀਤੀ।
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ। ਜਦੋਂ ਪੁਲਿਸ ਵੱਲੋਂ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਔਰਤਾਂ ਨੂੰ ਅਜਿਹੀਆਂ ਭਿਆਨਕ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਵਿਰੁੱਧ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ ਕੰਮ ਵਾਲੀ ਥਾਂ ‘ਤੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਵੀ ਸ਼ਾਮਲ ਹਨ। ਇੱਥੋਂ ਤੱਕ ਕਿ ਉੱਤਰ ਪ੍ਰਦੇਸ਼ ਦੀਆਂ ਹੇਠਲੀਆਂ ਅਦਾਲਤਾਂ ਵਿੱਚ ਤਾਇਨਾਤ ਮਹਿਲਾ ਜੱਜਾਂ ਦੇ ਵੀ ਹਾਲ ਦੇ ਸਾਲਾਂ ਵਿੱਚ ਮਾਮਲੇ ਸਾਹਮਣੇ ਆਏ ਸਨ। ਜਮਹੂਰੀ ਅਧਿਕਾਰ ਸਭਾ ਪੰਜਾਬ ਇਹ ਸਮਝਦੀ ਹੈ ਕਿ ਬੁਲਡੋਜਰ ਇਨਸਾਫ਼ ਦਾ ਪੈਰੋਕਾਰ ਬੁਲਡੋਜਰ ਬਾਬਾ ਕਹੇ ਜਾਣ ਵਾਲੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਜੀ ਪੁਲਿਸ ਦੀ ਜਵਾਬਦੇਹੀ ਤੈਅ ਕਰਨ ਵਿੱਚ ਨਾਕਾਮਯਾਬ ਹੋਏ ਹਨ।
ਜਮਹੂਰੀ ਅਧਿਕਾਰ ਸਭਾ ਸਮਝਦੀ ਹੈ ਕਿ ਵੱਖ-ਵੱਖ ਪਾਰਟੀਆਂ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੇ ਕਦਮ ਨਹੀਂ ਚੁੱਕ ਰਹੀਆਂ ਅਤੇ ਪੁਲਿਸ ‘ਤੇ ਪ੍ਰਸ਼ਾਸਨ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀਆਂ ਹਨ। ਡਬਲ ਇੰਜਣ ਵਾਲੀ ਸਰਕਾਰ ਦੇ ਤਹਿਤ ਔਰਤਾਂ ਭਿਆਨਕ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ।
ਆਗੂਆਂ ਨੇ ਡੀਜੀਪੀ ਉੱਤਰ ਪ੍ਰਦੇਸ਼ ਤੋਂ ਕਾਸਗੰਜ ਦੀ ਨੌਜਵਾਨ ਮਹਿਲਾ ਵਕੀਲ ਦੇ ਕਤਲ ਦੀ ਸਮੇਂ ਸਿਰ, ਵਿਗਿਆਨਕ ਅਤੇ ਨਿਰਪੱਖ ਜਾਂਚ ਕਰਨ ਲਈ ਫੌਰੈਂਸਿਕ ਮਾਹਿਰਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਵਾਲੀ ਵਿਸ਼ੇਸ਼ ਜਾਂਚ ਟੀਮ ਗਠਤ ਕਰਕੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਕਟਿਹਰੇ ਵਿਚ ਖੜਾ ਕਰਨ ਅਤੇ ਮਿ੍ਤਕ ਵਕੀਲ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ
ਉਹਨਾਂ ਉੱਤਰ ਪ੍ਰਦੇਸ਼ ਦੀ ਬਾਰ ਕੌਂਸਲ ਨੂੰ ਨੌਜਵਾਨ ਮਹਿਲਾ ਵਕੀਲ ਦੇ ਕਤਲ ਲਈ ਜ਼ਿੰਮੇਵਾਰ ਸਾਰੇ ਲੋਕਾਂ ਦੀ ਗ੍ਰਿਫਤਾਰੀ ਅਤੇ ਸਜ਼ਾ ਨੂੰ ਯਕੀਨੀ ਬਣਾਉਣ ਲਈ ਆਪਣੇ ਸੰਘਰਸ਼ ਨੂੰ ਔਰਤ ਵਰਗ ਲਈ ਸਮਾਸਕ ਨਿਆਂ ਅਤੇ ਬਰਾਬਰ ਰੁਤਬਾ ਦੇਣ ਵਿਸ਼ਾਲ ਕਰਨ ਦਾ ਸੱਦਾ ਦਿੱਤਾ।