ਫਰੀਦਕੋਟ 8 ਜੁਲਾਈ 2020 – ਕੋਰੋਨਾ ਸੰਕਟ ਦੇ ਚਲਦਿਆਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਲੋੜਵੰਦਾਂ ਤੱਕ ਰਾਸ਼ਨ, ਸੁੱਕੇ ਰਾਸ਼ਨ ਦੀ ਸਪਲਾਈ ਲਈ ਵਿਸ਼ੇਸ਼ ਸੇਵਾਵਾਂ ਨਿਭਾਈਆਂ ਗਈਆਂ ਅਤੇ ਵੱਖ ਵੱਖ ਸਰਕਾਰੀ ਸਕੀਮਾਂ ਤੋਂ ਇਲਾਵਾ ਲੋੜਵੰਦਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਰਾਸ਼ਨ ਦੇ ਪੈਕੇਟ ਵੀ ਦਿੱਤੇ ਗਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਦੇ ਦੌਰਾਨ ਕਰਫਿਊ ਅਤੇ ਲਾਕਡਾਊਨ ਸਮੇਂ ਜਦੋਂ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਸੀ ਅਤੇ ਗਰੀਬ ਵਰਗ ਖੁਦ ਆਪਣੇ ਦੋ ਵਕਤ ਦੀ ਰੋਟੀ ਦਾ ਕੋਈ ਇੰਤਜ਼ਾਮ ਨਹੀਂ ਸੀ, ਉਸ ਸਮੇਂ ਸਮਾਰਟ ਰਾਸ਼ਨ ਯੋਜਨਾ ਤਹਿਤ 69231 ਪਰਿਵਾਰਾਂ ਨੂੰ 3-3 ਮਹੀਨੇ ਦੀਆਂ ਰਾਸ਼ਨ ਕਿੱਟਾ ਮੁਹੱਈਆਂ ਕਰਵਾਈਆਂ ਗਈ। ਜਿਸ ਵਿੱਚ 15 ਕਿਲੋਂ ਪ੍ਰਤੀ ਜੀ ਅਤੇ 3 ਕਿੱਲੋ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਰਾਸ਼ਨ ਮੁਹੱਈਆ ਕਰਵਾਇਆ ਗਿਆ । ਇਸੇ ਤਰ੍ਹਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਗਰੀਬ ਤੇ ਲੋੜਵੰਦਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਆਪਣੇ ਪੱਧਰ ਤੇ 28 ਹਜ਼ਾਰ ਰਾਸ਼ਨ ਕਿੱਟਾਂ ਤਿਆਰ ਕਰਕੇ ਉਨ੍ਹਾਂ ਤੱਕ ਪੁੱਜਦੀਆਂ ਕੀਤੀਆਂ ਗਈ । ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਆਤਮ ਨਿਰਭਰ ਸਕੀਮ ਅਧੀਨ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਹੁਣ ਤੱਕ 10610 ਕਿੱਟਾਂ ਗਰੀਬ ਤੇ ਲੋੜਵੰਦਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਵੀ ਜਾਗਰੂਕ ਕਰਨ ਲਈ ਘਰ ਘਰ ਤੱਕ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਲੋਕਾਂ ਨੂੰ ਹੱਥ ਧੋਣ, ਮਾਸਕ ਪਾਉਣ, ਸਮਾਜਿਕ ਦੂਰੀ ਬਣਾਈ ਰੱਖਣ ਵਰਗੀਆਂ ਸਾਵਧਾਨੀਆਂ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾ ਸਾਵਧਾਨੀਆਂ ਨੂੰ ਵਰਤ ਕੇ ਕਰੋਨਾ ਮਹਾਂਮਾਰੀ ਦੇ ਖਾਤਮੇ ਲਈ ਆਪਣਾ ਵਡਮੁੱਲਾ ਸਹਿਯੋਗ ਦੇਣ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।