ਫ਼ਤਹਿਗੜ੍ਹ ਸਾਹਿਬ 21 ਅਗਸਤ 2024:- ਡੀ ਟੀ ਐਫ ਫ਼ਤਹਿਗੜ੍ਹ ਸਾਹਿਬ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ 5 ਸਤੰਬਰ (ਅਧਿਆਪਕ ਦਿਵਸ) ਨੂੰ ਡੀ ਸੀ/ਡੀ ਈ ਓ ਦਫ਼ਤਰ ਫ ਗ ਸ ਦੇ ਘਿਰਾਓ ਦੀ ਤਿਆਰੀ ਲਈ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਫ਼ਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਕੀਤੀ ਗਈ,ਇਸ ਮੀਟਿੰਗ ਵਿੱਚ ਜਥੇਬੰਦੀ ਦੇ ਜਿਲ੍ਹਾ/ਬਲਾਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਉਪਰੰਤ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਦਿਆਂ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇੱਕੋ ਕੈਂਪਸ ਵਿੱਚ ਚੱਲ ਰਹੇ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ 113 ਸਕੂਲਾਂ ਦੀ ਮਰਜਿੰਗ ਕਰਨ ਲਈ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਦੌਰਾਨ ਸਰਵੇ ਕੀਤਾ ਗਿਆ ਹੈ ਅਤੇ ਜਬਰ ਦਸਤੀ ਅਧਿਆਪਕਾਂ ਤੇ ਦਬਾਅ ਪਾ ਕੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਸਕੂਲਾਂ ਨੂੰ ਮਰਜ਼ ਕਰਨ ਸਬੰਧੀ ਸਹਿਮਤੀ ਦੇ ਮਤੇ ਪਵਾਏ ਗਏ ਹਨ, ਸਕੂਲਾਂ ਦੀ ਮਰਜਿੰਗ ਕਰਨ ਲਈ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਾਇਲਟ ਜ਼ਿਲ੍ਹੇ ਵਜੋਂ ਚੁਣਿਆ ਗਿਆ ਹੈ ਜੋ ਕਿ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਉਂਕਿ ਜੇਕਰ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਨਾਲ ਆਉਣ ਵਾਲੇ ਸਮੇਂ ਵਿੱਚ ਪ੍ਰਾਇਮਰੀ ਡਾਇਰੈਕਟਰੇਟ ਖਤਮ ਹੋ ਜਾਵੇਗਾ, ਪ੍ਰਾਇਮਰੀ ਕਾਡਰ ਦਾ ਪ੍ਰਮੋਸ਼ਨ ਚੈਨਲ ਐਚ ਟੀ, ਸੀ ਐਚ ਟੀ, ਬੀ ਪੀ ਈ ਓ ਖਤਮ ਹੋ ਜਾਵੇਗਾ, ਸਕੂਲਾਂ ਦੀ ਮਰਜਿੰਗ ਨਾਲ ਪਿੰਡਾਂ ਵਿੱਚ ਚੱਲ ਰਹੇ ਪ੍ਰਾਇਮਰੀ ਸਕੂਲ ਬੰਦ ਕੀਤੇ ਜਾਣਗੇ ਅਤੇ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਕੰਪਲੈਕਸ ਸਕੂਲ ਬਣਾਏ ਜਾਣਗੇ, ਛੋਟੇ ਪਿੰਡਾਂ ਦੇ ਵਿਦਿਆਰਥੀਆਂ ਤੋਂ ਜਨਤਕ ਸਿੱਖਿਆ ਦੂਰ ਹੋ ਜਾਵੇਗੀ। ਸਕੂਲਾਂ ਦੀ ਮਰਜਿੰਗ ਕਰਕੇ ਸਿੱਖਿਆ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਵਿਭਾਗ ਦੀ ਅਕਾਰ ਘਟਾਈ ਕੀਤੀ ਜਾ ਰਹੀ ਹੈ ਜੋ ਕਿ ਜਨਤਕ ਸਿੱਖਿਆ ਨੂੰ ਖਤਮ ਕਰਕੇ ਪ੍ਰਾਈਵੇਟ ਅਦਾਰਿਆਂ ਨੂੰ ਹੋਰ ਖੁੱਲ ਦੇਣ ਵੱਲ ਚੁੱਕਿਆ ਗਿਆ ਕਦਮ ਹੈ। ਡੀ ਟੀ ਐਫ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਇਸ ਦਾ ਹਰ ਪੱਧਰ ਤੇ ਵਿਰੋਧ ਕੀਤਾ ਜਾਵੇਗਾ।