ਔਕਲੈਂਡ, 09 ਅਗਸਤ 2024:-ਭਾਰਤ ਦੀ ਰਾਸ਼ਟਰਪਤੀ ਮਾਣਯੋਗ ਦਰੋਪਦੀ ਮੁਰਮੂ ਨੇ ਆਪਣੇ ਤਿੰਨ ਦਿਨਾਂ ਦੌਰੇ ਦੇ ਆਖਰੀ ਦਿਨ ਔਕਲੈਂਡ ਵਿਖੇ ਇਕ ਹੋਏ ‘ਕਮਿਊਨਿਟੀ ਰਿਸੈਪਸ਼ਨ’ ਸਮਾਗਮ ਦੇ ਵਿਚ ਭਾਰਤੀਆਂ ਦੇ ਲਗਪਗ 500 ਮੈਂਬਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਘੱਟ ਗਿਣਤੀ ਮੰਤਰਾਲੇ ਦੇ ਮੰਤਰੀ ਸ੍ਰੀ ਜਾਰਜ਼ ਕੁਰੀਅਨ ਅਤੇ ਦੋ ਹੋਰ ਸੰਸਦ ਮੈਂਬਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਨਿ੍ਰਤ ਮੰਡਲੀਆਂ ਦੇ ਨਾਲ ਹੋਈ। ਰਾਸ਼ਟਰਪਤੀ ਦੇ ਪਹੁੰਚਣ ਦੇ ਬਾਅਦ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਦਾ ਸੰਗੀਤ ਵਜਾਇਆ ਗਿਆ। ਸਮਾਗਮ ਨੂੰ ਸਭ ਤੋਂ ਪਹਿਲਾਂ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਨੇ ਸੰਬੋਧਨ ਕੀਤਾ। ਇਸ ਤੋਂ ਬਾਅਦ ਰਾਸ਼ਟਰਪਤੀ ਸ੍ਰੀਮਤੀ ਮਾਣਯੋਗ ਦਰੋਪਦੀ ਨੇ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਲਈ ਖੁਸ਼ੀ ਅਤੇ ਸਨਮਾਨ ਵਾਲੀ ਗੱਲ ਹੈ ਕਿ ਮੈਂ ਨਿਊਜ਼ੀਲੈਂਡ ਵਸਦੇ ਭਾਈਚਾਰੇ ਦੇ ਵਿਚ ਅੱਜ ਖੜੀ ਹਾਂ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੇ ਸਾਹਸ ਅਤੇ ਉਪਲਬਧੀਆਂ ਦੇ ਲਈ ਉਹ ਕੁਰਬਾਨ ਜਾਂਦੀ ਹੈ।