ਔਕਲੈਂਡ, 8 ਜੁਲਾਈ 2020 – ਨਿਊਜ਼ੀਲੈਂਡ ਵਿੱਚ ਕੋਰੋਨਾ ਦਾ ਇਕ ਹੋਰ ਨਵਾਂ ਕੇਸ ਪ੍ਰਗਟ ਹੋਇਆ ਹੈ। ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਵਿਅਕਤੀ ਮੈਨੇਜਡ ਆਈਸੋਲੇਸ਼ਨ ਤੋਂ ਕੱਲ੍ਹ ਰਾਤ ਫੈਂਸ ਟੱਪ ਕੇ ਫ਼ਰਾਰ ਹੋ ਗਿਆ ਸੀ ਸੈਂਟਰਲ ਆਕਲੈਂਡ ਵਿੱਚ ਪੈਂਦੀ ਇੱਕ ਸੁਪਰ ਮਾਰਕੀਟ ਵਿੱਚ ਗਿਆ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ 32 ਸਾਲਾ ਭਾਰਤੀ ਵਿਅਕਤੀ ਹੈ ਅਤੇ 3 ਜੁਲਾਈ ਨੂੰ ਨਵੀਂ ਦਿੱਲੀ ਤੋਂ ਫਲਾਈਟ ਰਾਹੀ ਨਿਊਜ਼ੀਲੈਂਡ ਵਾਪਸ ਆਇਆ ਸੀ। ਇਹ ਘਟਨਾ ਕੱਲ੍ਹ ਰਾਤੀ ਵਾਪਰੀ ਜਦੋਂ ਇਹ ਭਾਰਤੀ ਵਿਅਕਤੀ ਸਿਟੀ ਦੀ ਸਟੈਮਫੋਰਡ ਪਲਾਜ਼ਾ ਵਿਚਲੀ ਆਪਣੀ ਮੈਨੇਜਡ ਆਈਸੋਲੇਸ਼ਨ ਦੇ ਤੰਬਾਕੂ ਪੀਣ ਵਾਲੇ ਖੇਤਰ ਵਿੱਚ ਗਿਆ ਅਤੇ ਨਵੀਂ ਲੱਗੀ 1.82 ਮੀਟਰ ਉੱਚੀ ਫੈਂਸ ਟੱਪ ਕੇ ਆਕਲੈਂਡ ਸਿਟੀ ਦੇ ਵਿਕਟੋਰੀਆ ਸਟ੍ਰੀਟ ਵੈਸਟ ਉੱਤੇ ਪੈਂਦੇ ਕਾਊਂਟਡਾਉਨ ਵਿੱਚ ਚਲਾ ਗਿਆ।
ਇਸ ਵਿਅਕਤੀ ਤੋਂ ਆਕਲੈਂਡ ਪਬਲਿਕ ਹੈਲਥ ਸਰਵਿਸ ਨੇ ਪੁੱਛਗਿੱਛ ਕੀਤੀ ਹੈ ਅਤੇ ਨਾਲ ਹੀ ਇਸ ਘਟਨਾ ਨਾਲ ਪੈਦਾ ਹੋਏ ਜੋਖ਼ਮ ਨੂੰ ਸਮਝਣ ਲਈ ਆਈਸੋਲੇਸ਼ਨ ਸਹੂਲਤ, ਸੀਬੀਡੀ ਅਤੇ ਕਾਊਂਟਡਾਉਨ ਤੋਂ ਪ੍ਰਾਪਤ ਸੀਸੀਟੀਵੀ ਫੁਟੇਜ ਵੇਖੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਰਾਤੀ 7.00 ਵਜੇ ਤੋਂ 8.00 ਵਜੇ ਦੇ ਦਰਮਿਆਨ ਲਗਭਗ 70 ਮਿੰਟ ਬਾਹਰ ਰਿਹਾ। ਇਸ ਵਿਅਕਤੀ ਦੀ ਗਲਤੀ ਕਾਰਨ ਐਨੀ ਵੱਡੀ ਸੁਪਰ ਮਾਰਕੀਟ ਨੂੰ ਬੰਦ ਕਰਨਾ ਪਿਆ ਅਤੇ ਸਫਾਈ ਜਾਰੀ ਹੈ। 18 ਸਟਾਫ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।
ਏਅਰ ਕਮੋਡੋਰ ਡੈਰਿਨ ਵੈੱਬ (ਹੈੱਡ ਆਫ਼ ਮੈਨੇਜਡ ਆਈਸੋਲੇਸ਼ਨ ਐਂਡ ਕੁਆਰੰਟੀਨ, ਏਡ) ਨੇ ਕਿਹਾ ਕਿ ਇਸ ਆਦਮੀ ਉੱਤੇ ਦੋਸ਼ ਲਏ ਜਾਣਗੇ। ਇਸ ਨੂੰ 6 ਮਹੀਨੇ ਜੇਲ੍ਹ ਜੰ 4000 ਡਾਲਰ ਜੁਰਮਾਨਾ ਹੋ ਸਕਦਾ ਹੈ। ਇਹ ਆਦਮੀ ਕੋਵਿਡ -19 ਦਾ ਬੁੱਧਵਾਰ ਨੂੰ ਰਿਪੋਰਟ ਕੀਤਾ ਗਿਆ ਇਕਲੌਤਾ ਨਵਾਂ ਐਕਟਿਵ ਕੇਸ ਸੀ। ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਪਿਛਲੇ ਹਫ਼ਤੇ ਇਕ 43 ਸਾਲਾ ਮਹਿਲਾ ਪੁਲਮੈਨ ਹੋਟਲ ਦੀਆਂ ਦੋ ਫੈਂਸ ਟੱਪ ਕੇ ਚੱਲੀ ਗਈ ਸੀ।
ਕੋਵਿਡ -19 ਨਾਲ ਦੇਸ਼ ਵਿੱਚ ਨਵੇਂ ਆਏ 23 ਕੇਸ ਹਨ ਅਤੇ ਜਿਨ੍ਹਾਂ ਵਿਚੋਂ 12 ਐਕਟਿਵ ਕੇਸ ਹਨ ਜੋ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1537 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,187 ਕੰਨਫ਼ਰਮ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਹੁਣ ਤੱਕ 1493 ਰਿਕਵਰ ਹੋਏ ਹਨ ਅਤੇ ਹਸਪਤਾਲ ਵਿੱਚ ਕੋਈ ਮਰੀਜ਼ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।