ਔਕਲੈਂਡ, 31 ਜੁਲਾਈ 2024:-ਭਾਰਤ ਨਿਊਜ਼ੀਲੈਂਡ ਦੇ ਦੁਵੱਲੇ ਸਬੰਧਾਂ ਦੇ ਉਤੇ ਇਕ ਵਾਰ ਉਚ ਪੱਧਰ ਦੀ ਗੱਲਬਾਤ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਅਤੇ ਔਕਲੈਂਡ ਵਿਖੇ ਹੋਣ ਜਾ ਰਹੀ ਹੈ। ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ 7 ਤੋਂ 9 ਅਗਸਤ ਤੱਕ ਨਿਊਜ਼ੀਲੈਂਡ ਦੇ ਦੌਰੇ ਉਤੇ ਰਹਿਣਗੇ।
ਇਹ ਦੂਜੀ ਵਾਰ ਹੋਵੇਗਾ ਕਿ ਭਾਰਤੀ ਦਾ ਰਾਸ਼ਟਰਪਤੀ ਨਿਊਜ਼ੀਲੈਂਜ ਦਾ ਦੌਰਾ ਕਰ ਰਿਹਾ ਹੋਵੇਗਾ। ਵਲਿੰਗਟਨ ਅਤੇ ਔਕਲੈਂਡ ਵਿਖੇ ਸਮਾਗਮਾਂ ਦੇ ਵਿਚ ਉਹ ਸ਼ਿਰਕਤ ਕਰਨਗੇ ਅਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਹੋਰ ਹੁਲਾਰਾ ਮਿਲੇਗਾ। ਭਾਰਤ ਅਤੇ ਨਿਊਜ਼ੀਲੈਂਡ ਦੇ ਖੇਤਰੀ ਅਤੇ ਵਿਸ਼ਵ ਮੁੱਦਿਆਂ ਅਤੇ ਹਿੱਤਾਂ ਦੀ ਗੱਲ ਕਰਨ ਵਾਸਤੇ ਇਹ ਇਕ ਵਿਆਪਕ ਮੇਲ ਹੈ।
ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ 7 ਅਗਸਤ ਦੀ ਸ਼ਾਮ ਨੂੰ ਫੀਜ਼ੀ ਤੋਂ ਔਕਲੈਂਡ ਪਹੁੰਚੇਗੀ। ਅਗਲੇ ਦਿਨ ਉਹ ਵਲਿੰਗਟਨ ਜਾਣਗੇ ਜਿੱਥੇ ਉਨ੍ਹਾਂ ਦੀ ਮੇਜ਼ਬਾਨੀ ਗਵਰਨਰ ਜਨਰਲ ਅਤੇ ਪ੍ਰਧਾਨ ਮੰਤਰੀ ਸ੍ਰੀ ਕ੍ਰਿਸਟੋਫਰ ਲਕਸਨ ਕਰਨਗੇ। ਉਸੇ ਦਿਨ ਵਾਪਸ ਔਕਲੈਂਡ ਆ ਜਾਣਗੇ ਅਤੇ ਫਿਰ 9 ਅਗਸਤ ਨੂੰ ਇਕ ਕਮਿਊਨਿਟੀ ਰਿਸੈਪਸ਼ਨ ਦੇ ਵਿਚ ਸ਼ਮਿਲ ਹੋਣਗੇ।
ਆਕਲੈਂਡ ਵਿੱਚ ਭਾਰਤੀ ਦੇ ਆਨਰੇਰੀ ਕੌਂਸਲਰ, ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਇਸ ਫੇਰੀ ਨੂੰ ਦੋਵਾਂ ਦੇਸ਼ਾਂ ਦਰਮਿਆਨ ਸਥਾਈ ਸਾਂਝੇਦਾਰੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਮੁਰਮੂ ਦਾ ਇਹ ਦੌਰਾ ਵਪਾਰ ਮੰਤਰੀ ਟੌਡ ਮੈਕਲੇ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਪੀਯੂਸ਼ ਗੋਇਲ ਵਿਚਕਾਰ ਪਿਛਲੇ ਵਾਰਾਤਾਲਾਪਾਂ ਬਾਅਦ ਆਇਆ ਹੈ। ਸ੍ਰੀ ਟੌਡ ਮੈਕਲੇ ਅਗਸਤ ਵਿੱਚ ਨਵੀਂ ਦਿੱਲੀ ਜਾ ਸਕਦੇ ਹਨ। ਪਿਛਲੇ ਅੱਠ ਮਹੀਨਿਆਂ ਵਿੱਚ ਉਸਦੇ ਭਾਰਤੀ ਹਮਰੁਤਬਾ ਨਾਲ ਉਸਦੀ ਪੰਜਵੀਂ ਮੁਲਾਕਾਤ ਹੋਵੇਗੀ, ਕਿਉਂਕਿ ਉਸਨੂੰ ਦੁਵੱਲੇ ਸਬੰਧਾਂ ਵਿੱਚ ਸੁਧਾਰ ਦੀ ਉਮੀਦ ਹੈ।