ਨਵਾਂਸ਼ਹਿਰ, 3 ਜੁਲਾਈ 2024 – ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਨੇ ਅੱਜ ਕਮਿਊਨਿਟੀ ਹੈਲਥ ਸੈਂਟਰ, ਰਾਹੋਂ ਵਿਖੇ ਮਮਤਾ ਦਿਵਸ ਦਾ ਨਿਰੀਖਣ ਕੀਤਾ ਅਤੇ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜ਼ਰੂਰੀ ਟੀਕੇ ਲਗਾਏ ਜਾਣ ਦੇ ਕੰਮ ਦਾ ਮੌਕੇ ’ਤੇ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਹਸਪਤਾਲ ਵਿੱਚ ਮੌਜੂਦ ਲਾਭਪਾਤਰੀਆਂ ਦੇ ਮਦਰ ਚਾਇਲਡ ਪ੍ਰੋਟੈਕਸ਼ਨ (ਐੱਮ.ਸੀ.ਪੀ.) ਕਾਰਡ ਵੀ ਚੈੱਕ ਕੀਤੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਨੇ ਹਦਾਇਤ ਕੀਤੀ ਕਿ ਮਦਰ ਚਾਇਲਡ ਪ੍ਰੋਟੈਕਸ਼ਨ (ਐੱਮ.ਸੀ.ਪੀ.) ਕਾਰਡ ਹਰ ਪੱਖੋਂ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਇਨ੍ਹਾਂ ਕਾਰਡਾਂ ‘ਤੇ ਮਦਰ ਤੇ ਚਾਇਲਡ ਟ੍ਰੈਕਿੰਗ ਸਿਸਟਮ (ਐੱਮ.ਸੀ.ਟੀ.ਐੱਸ.) ਨੰਬਰ ਜ਼ਰੂਰ ਲਿਖਿਆ ਜਾਵੇ।
ਡਾ. ਕਮਲ ਨੇ ਇਹ ਵੀ ਕਿਹਾ ਕਿ ਬੀ.ਸੀ.ਜੀ. ਸਮੇਤ ਬੱਚਿਆਂ ਦੇ ਸੰਪੂਰਨ ਟੀਕਾਕਰਨ (ਹਰ ਵੈਕਸੀਨ ਦਾ 100 ਫੀਸਦੀ ਟੀਕਾਕਰਨ) ਦੀ ਮੁਕੰਮਲ ਪ੍ਰਾਪਤੀ ਲਈ ਹਰ ਸ਼ਨਿੱਚਰਵਾਰ ਨੂੰ ਵਿਸ਼ੇਸ਼ ਕੈਂਪ ਲਾ ਕੇ ਟੀਚਾ ਪੂਰਾ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਨੇੜਲੇ ਸਬ-ਸੈਂਟਰ ਜਾਂ ਸਰਕਾਰੀ ਡਿਸਪੈਂਸਰੀ ਵਿੱਚ ਹਰ ਬੁੱਧਵਾਰ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਗਰਭਵਤੀ ਔਰਤਾਂ ਦੀ ਸਿਹਤ ਸੁਰੱਖਿਆ ਲਈ ਟੀਕਾਕਰਨ ਬਹੁਤ ਮਹੱਤਵਪੂਰਨ ਹੈ।