ਅੰਮ੍ਰਿਤਸਰ, 20 ਮਈ-ਅੰਮ੍ਰਿਤਸਰ ਵਿਚ ਕਾਊਂਟਰ ਇੰਟੈਲੀਜੈਂਸ ਨੇ ਵਿਦੇਸ਼ ਵਿਚ ਬੈਠ ਕੇ ਗੈਂਗ ਚਲਾਉਣ ਵਾਲੇ ਹੈਪੀ ਜੱਟ ਦੇ ਤਿੰਨ ਗੁਰਗਿਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇਹਨਾਂ ਤਿੰਨਾਂ ਮੁਲਜਮਾਂ ਤੋਂ 3 ਪਿਸਤੌਲ, 4 ਮੈਗਜ਼ੀਨ ਤੇ 35 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਫੜੇ ਗਏ ਵਿਅਕਤੀਆਂ ਦੀ ਪਛਾਣ ਗਾਂਗ ਗੁਰੂਵਾਲੀ ਤਰਨਤਾਰਨ ਰੋਡ ਵਾਸੀ ਸਾਗਰ ਸਿੰਘ, ਸ਼ਰਨਜੀਤ ਸਿੰਘ ਤੇ ਪਾਵਰ ਕਾਲੋਨੀ ਮਜੀਠਾ ਰੋਡ ਵਾਸੀ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਮਰੀਕਾ ਬੈਠੇ ਬਦਮਾਸ਼ ਹੈਪੀ ਜੱਟ ਨੇ ਹਥਿਆਰ ਦਿੱਤੇ ਸਨ। ਫਿਲਹਾਲ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਹਥਿਆਰਾਂ ਦੀ ਸਪਲਾਈ ਚੇਨ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਸੀ ਆਈ ਏ ਸਟਾਫ-2 ਗੁਰੂ ਕੀ ਵਡਾਲੀ ਦੇ ਇੰਸਪੈਕਟਰ ਰਾਜੇਸ਼ ਸ਼ਰਮਾ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਗਿਆ ਹੈ। ਇਹਨਾਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੇ ਪਾਸ਼ ਏਰੀਆ ਬਸੰਤ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨੇੜਿਉਂ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਤੇ ਪਹਿਲਾਂ ਤੋਂ ਹੀ ਪੰਜਾਬ ਦੇ ਕਈ ਥਾਣਿਆਂ ਵਿਚ ਮਾਮਲੇ ਦਰਜ ਹਨ। ਮਨਪ੍ਰੀਤ ਸਿੰਘ ਖਿਲਾਫ ਧਾਰਾ 307 ਤਹਿਤ ਮਾਮਲਾ ਕਪੂਰਥਲਾ ਵਿੱਚ ਦਰਜ ਹੈ। ਦੂਜੇ ਪਾਸੇ ਇਕ ਹੋਰ ਮਾਮਲਾ ਧਾਰਾ 451 ਤੇ 380 ਦੀਆਂ ਧਾਰਾਵਾਂ ਅਧੀਨ ਥਾਣਾ ਸਦਰ ਅੰਮ੍ਰਿਤਸਰ ਵਿਚ ਦਰਜ ਹੈ।