ਬਰੇਲੀ, 20 ਮਈ-ਬਰੇਲੀ ਵਿੱਚ ਅੱਜ ਤੜਕੇ ਯਾਤਰੀਆਂ ਨਾਲ ਭਰੀ ਇਕ ਬੱਸ ਫਲਾਈਓਵਰ ਤੋਂ ਹੇਠਾਂ ਡਿੱਗ ਜਾਣ ਨਾਲ ਇਕ ਯਾਤਰੀ ਦੀ ਮੌਤ ਹੋ ਗਈ ਅਤੇ 40 ਹੋਰ ਲੋਕ ਜ਼ਖ਼ਮੀ ਹੋ ਗਏ। ਬਰੇਲੀ ਦੇ ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ ਨੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਬਰੇਲੀ ਦੇ ਹਸਪਤਾਲਾਂ ਦਾ ਦੌਰਾ ਕੀਤਾ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਅੱਜ ਤੜਕੇ ਕਰੀਬ ਸਾਢੇ ਤਿੰਨ ਵਜੇ ਇਕ ਬੱਸ ਫਤਿਹਗੰਜ ਥਾਣਾ ਖੇਤਰ ਵਿਚ ਇਕ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਬੱਸ ਦਿੱਲੀ ਤੋਂ ਸਵਾਰੀਆਂ ਲੈ ਕੇ ਬਰੇਲੀ ਆ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਬੱਸ ਬੇਕਾਬੂ ਹੋ ਕੇ ਫਤਿਹਗੰਜ ਥਾਣਾ ਖੇਤਰ ਦੇ ਇਕ ਫਲਾਈਓਵਰ ਤੋਂ ਡਿੱਗ ਗਈ, ਜਿਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ ਕਰੀਬ ਦੋ ਦਰਜਨ ਯਾਤਰੀ ਜ਼ਖ਼ਮੀ ਹੋ ਗਏ।
ਮ੍ਰਿਤਕ ਦੀ ਪਛਾਣ ਮੇਰਠ ਵਾਸੀ ਪ੍ਰੇਮ ਕਿਸ਼ਨ ਦੇ ਰੂਪ ਵਿਚ ਹੋਈ ਹੈ। ਫਿਲਹਾਲ ਜ਼ਖ਼ਮੀਆਂ ਨੂੰ ਬਰੇਲੀ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫਲਾਈਓਵਰ ਤੋਂ ਡਿੱਗੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਅਤੇ ਕੁਝ ਸਵਾਰੀਆਂ ਉਸ ਵਿਚ ਫਸ ਗਈਆਂ ਸਨ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਫਸੇ ਯਾਤਰੀਆਂ ਨੂੰ ਬਚਾਇਆ।