ਬੀਜਿੰਗ, 1 ਮਈ – ਦੱਖਣੀ ਚੀਨ ਵਿੱਚ ਪਿਛਲੇ ਛੇ ਦਿਨਾਂ ਤੋਂ ਭਾਰੀ ਮੀਂਹ ਅਤੇ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਨਦੀਆਂ ਦੇ ਕਿਨਾਰੇ ਸ਼ਹਿਰਾਂ ਵਿੱਚ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਵਿੱਚ ਇੱਕ ਹਾਈਵੇਅ ਦਾ ਇੱਕ ਹਿੱਸਾ ਡਿੱਗਣ ਨਾਲ 19 ਵਿਅਕਤੀਆਂ ਦੀ ਮੌਤ ਹੋ ਗਈ। ਰਾਜ ਦੇ ਪ੍ਰਸਾਰਕ ਸੀ.ਸੀ.ਟੀਵੀ. ਨੇ ਅੱਜ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਦੇ ਦਿਨਾਂ ਵਿੱਚ ਇਸ ਖੇਤਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਬਚਾਅ ਕਰਮਚਾਰੀਆਂ ਨੇ 30 ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਹੈ।
ਗੁਆਂਗਜ਼ੂ ਸ਼ਹਿਰ, ਹਾਂਗਕਾਂਗ ਤੋਂ 130 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਗੁਆਂਗਡੋਂਗ ਸੂਬੇ ਦੀ ਰਾਜਧਾਨੀ ਹੈ। ਗੁਆਂਗਡੋਂਗ ਪ੍ਰਾਂਤ ਚੀਨ ਦੇ ਸਭ ਤੋਂ ਵੱਡੇ ਸੂਬਿਆਂ ਵਿੱਚੋਂ ਇੱਕ ਹੈ। ਇਸ ਨੂੰ ਚੀਨ ਦਾ ਉਦਯੋਗਿਕ ਖੇਤਰ ਵੀ ਕਿਹਾ ਜਾਂਦਾ ਹੈ।
ਇਸ ਖੇਤਰ ਵਿੱਚ ਬਹੁਤ ਸਾਰੇ ਕਾਰਖਾਨੇ ਹਨ, ਜੋ ਵੱਡੀ ਮਾਤਰਾ ਵਿੱਚ ਚੀਨੀ ਸਮਾਨ ਦੀ ਬਰਾਮਦ ਕਰਦੇ ਹਨ। ਇਸ ਤੋਂ ਪਹਿਲਾਂ ਚੀਨ ਦੇ ਗੁਆਂਗਜ਼ੂ ਸ਼ਹਿਰ ਵਿੱਚ ਆਏ ਤੂਫਾਨ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 33 ਜ਼ਖਮੀ ਹੋ ਗਏ ਸਨ।