ਮਾਲਰਕੋਟਲਾ 17 ਅਪ੍ਰੈਲ 2024, ਬੀਤੇ ਦਿਨੀ 14 ਅਪ੍ਰੈਲ ਨੂੰ ਮਲੇਰਕੋਟਲਾ ਵਿਖੇ ਭਾਜਪਾ ਆਗੂ ਅਰਵਿੰਦ ਖੰਨਾ ਦੀ ਆਮਦ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਲਈ ਪਹੁੰਚੇ ਕਿਸਾਨਾਂ ਉੱਪਰ ਪੁਲਿਸ ਵੱਲੋਂ ਲਾਠੀ ਚਾਰਜ ਕਰਨ ਦੀਆਂ ਸੋਸ਼ਲ ਮੀਡੀਆ ਉਪਰ ਫੈਲਾਈਆਂ ਜਾ ਰਹੀਆਂ ਖਬਰਾਂ ਦਾ ਪੁਰਜੋਰ ਖੰਡਨ ਕਰਦਿਆਂ ਡੀਐਸਪੀ ਮਾਲੇਰਕੋਟਲਾ ਸ੍ਰੀ ਗੁਰਦੇਵ ਸਿੰਘ ਨੇ ਇੱਕ ਵੀਡੀਓ ਬਿਆਨ ਸੋਸ਼ਲ ਮੀਡੀਆ ਮੰਚਾਂ ਉੱਪਰ ਅਪਲੋਡ ਕਰਕੇ ਕਿਹਾ ਹੈ ਕਿ 14 ਅਪ੍ਰੈਲ ਨੂੰ ਮਲੇਰਕੋਟਲਾ ਵਿਖੇ ਵੱਖ-ਵੱਖ ਪਾਰਟੀਆਂ ਤੇ ਜਥੇਬੰਦੀਆਂ ਵੱਲੋਂ ਰੱਖੇ ਸਮਾਗਮ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਮਨ ਸ਼ਾਂਤੀ ਨਾਲ ਨੇਪਰੇ ਚੜੇ ਹਨ। ਉਹਨਾਂ ਸਪਸ਼ਟ ਕੀਤਾ ਕਿ ਉਸ ਦਿਨ ਮਲੇਰਕੋਟਲਾ ਵਿਖੇ ਪੁਲਿਸ ਵੱਲੋਂ ਲਾਠੀ ਚਾਰਜ ਦੀ ਕੋਈ ਘਟਨਾ ਨਹੀਂ ਹੋਈ ਅਤੇ ਸੋਸ਼ਲ ਮੀਡੀਆ ਉੱਪਰ ਪੁਲਿਸ ਲਾਠੀ ਚਾਰਜ ਦੀਆਂ ਖਬਰਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ ਵਰਨਣਯੋਗ ਹੈ ਕਿ 14 ਅਪ੍ਰੈਲ ਨੂੰ ਮਲੇਰਕੋਟਲਾ ਦੇ ਖੋਖਰ ਮਾਰਕੀਟ ਵਿਖੇ ਸਥਿਤ ਵਿਰਾਸਤ ਹੋਟਲ ਵਿਖੇ ਭਾਜਪਾ ਆਗੂ ਅਰਵਿੰਦ ਖੰਨਾ ਦੀ ਆਮਦ ਦਾ ਵਿਰੋਧ ਕਰਨ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਦੇਰ ਸ਼ਾਮ ਤੱਕ ਅਹਿਮਦਗੜ੍ਹ, ਮੋਹਰਾਣਾ ਅਤੇ ਹਿੰਮਤਾਣਾ ਚੌਂਕੀ ਵਿਖੇ ਬੰਦ ਰੱਖਿਆ ਗਿਆ ਸੀ। ਕਿਸਾਨਾਂ ਦੀਆਂ ਗ੍ਰਿਫਤਾਰੀਆਂ ਖਿਲਾਫ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿਮਤਾਣਾ ਪੁਲਿਸ ਚੌਂਕੀ ਦਾ ਉਦੋਂ ਤੱਕ ਘਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ ਜਦੋਂ ਤੱਕ ਇਹ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਨਹੀਂ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਕਿਸਾਨ ਆਗੂਆਂ ਦੀ ਮਾਲੇਰਕੋਟਲਾ ਪੁਲਿਸ ਵੱਲੋਂ ਕੀਤੀ ਕਥਿਤ ਖਿੱਚ ਧੂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮਲੇਰਕੋਟਲਾ ਪੁਲਿਸ ਦੇ ਕਿਸਾਨ ਆਗੂਆਂ ਨਾਲ ਕਥਿਤ ਮਾੜੇ ਵਿਹਾਰ ਲਈ ਡੀਐਸਪੀ ਮਲੇਰ ਕੋਲਾ ਨੂੰ ਜਿੰਮੇਵਾਰ ਦੱਸਿਆ ਸੀ।