ਰੂਪਨਗਰ, 12 ਅਪ੍ਰੈਲ 2024 : ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਨੂੰ ਕਿਸਾਨਾਂ ਲਈ ਵੱਧ ਤੋਂ ਵੱਧ ਸੁਖਾਵਾਂ ਬਣਾਉਣ ਲਈ ਪੁਰਜ਼ੋਰ ਯਤਨ ਕੀਤੇ ਹਨ ਜਿਸ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਅੱਜ ਅਨਾਜ ਮੰਡੀ ਰੂਪਨਗਰ ਵਿਖੇ ਕਣਕ ਦੀ ਹੋ ਰਹੀ ਖਰੀਦ ਤੇ ਲਿਫਟਿੰਗ ਦਾ ਨਿਰੀਖਣ ਕੀਤਾ।
ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਦਾ ਹਲੇ ਇਹ ਸ਼ੁਰੂਆਤੀ ਦੌਰ ਹੈ, ਕਮੀਆਂ ਪੇਸ਼ੀਆਂ ਨੂੰ ਸ਼ੁਰੂਆਤੀ ਦੌਰ ‘ਚ ਹੀ ਦੂਰ ਕਰਨ ਦੇ ਮੰਤਵ ਨਾਲ ਇਹ ਚੈਕਿੰਗ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਤੇ ਠੇਕੇਦਾਰਾਂ ਨੂੰ ਖ਼ਾਸ ਤੌਰ ਤੇ ਇਹ ਹਦਾਇਤ ਕੀਤੀ ਕਿ ਕਣਕ ਦੀ ਖਰੀਦ ਸਬੰਧੀ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।
ਡਾ. ਪ੍ਰੀਤੀ ਯਾਦਵ ਵਲੋਂ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਕਿਸਾਨਾਂ ਦੀ ਫਸਲ ਦੀ ਅਦਾਇਗੀ ਸਮੇਂ ਸਿਰ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਖਰੀਦ ਕੇਂਦਰਾਂ ਵਿੱਚ ਕਣਕ ਦੀ ਆਮਦ, ਖਰੀਦ, ਲਿਫਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਜਿਸ ਨੂੰ ਨਿਰੰਤਰ ਬਰਕਰਾਰ ਰੱਖਿਆ ਜਾਵੇ ਅਤੇ ਜਿੱਥੇ ਕਿਤੇ ਵੀ ਮੁਸ਼ਕਲ ਪੇਸ਼ ਆਉਂਦੀ ਹੈ ਅਧਿਕਾਰੀਆਂ ਵੱਲੋਂ ਉਸ ਦਾ ਤੁਰੰਤ ਹੱਲ ਕੀਤਾ ਜਾਵੇ।