ਸ੍ਰੀ ਅਨੰਦਪੁਰ ਸਾਹਿਬ 18 ਮਾਰਚ ,2024 ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਵਲੋਂ ਜਾਬਤਾ ਫੋਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੋਲਾ ਮਹੱਲਾ ਦੌਰਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੀ ਆਮ ਜਨਤਾ ਤੇ ਸ਼ਰਧਾਲੂਆਂ ਨੂੰ ਮੰਗਤਿਆਂ ਤੋ ਹੋਣ ਵਾਲੀ ਪ੍ਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਅਤੇ ਇਨ੍ਹਾਂ ਮੰਗਤਿਆਂ ਤੋ ਹੋਣ ਵਾਲੀਆਂ ਚੋਰੀਆਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 21 ਤੋ 26 ਮਾਰਚ ਤੱਕ ਬਾਹਰੋਂ ਆਉਣ ਵਾਲੇ ਪੇਸ਼ੇਵਰ ਮੰਗਤਿਆਂ ਦੇ ਦਾਖਲੇ ਤੇ ਪੂਰਨ ਪਾਬੰਦੀ ਲਗਾਈ ਹੈ।
ਜਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮ ਅਨੁਸਾਰ ਕਿਹਾ ਹੈ ਕਿ ਹੋਲਾ ਮਹੱਲਾ ਦਾ ਇਤਿਹਾਸਕ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 21 ਤੋ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਸਾਸ਼ਨ ਦੇ ਧਿਆਨ ਵਿਚ ਆਇਆ ਹੈ ਕਿ ਇਸ ਹੋਲੇ ਮਹੱਲੇ ਦੌਰਾਨ ਬਾਹਰ ਦੇ ਰਾਜਾ ਤੋ ਕਾਫੀ ਗਿਣਤੀ ਵਿਚ ਮੰਗਤੇ ਪਹੁੰਚ ਜਾਂਦੇ ਹਨ। ਕੁਝ ਮੰਗਤੇ ਤਾ ਇਕੱਲੇ ਤੌਰ ਤੇ ਆਉਦੇ ਹਨ ਪ੍ਰੰਤੂ ਕੁਝ ਮੰਗਤੇ ਪੇਸ਼ੇਵਰ ਲੋਕਾਂ ਵਲੋ ਗੱਡੀਆਂ ਵਿਚ ਭਰ ਕੇ ਸ਼ਹਿਰ ਵਿਚ ਛੱਡ ਦਿੱਤੇ ਜ਼ਾਦੇ ਹਨ। ਇਨ੍ਹਾਂ ਮੰਗਤਿਆ ਵਲੋ ਜਿੱਥੇ ਆਮ ਪਬਲਿਕ ਅਤੇ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਥੇ ਹੀ ਇਨ੍ਹਾਂ ਵਲੋ ਚੋਰੀਆਂ ਆਦਿ ਕਰਨ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਲਈ ਹੋਲਾ ਮਹੱਲੇ ਦੌਰਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਹਰੋ ਆਉਣ ਵਾਲੇ ਇਨ੍ਹਾਂ ਮੰਗਤਿਆਂ ਤੋ ਆਮ ਪਬਲਿਕ ਅਤੇ ਸ਼ਰਧਾਲੂਆ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ। ਇਸ ਲਈ ਇਹ ਹੁਕਮ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਇੱਕ ਤਰਫਾ ਪਾਸ ਕਰਕੇ ਪਬਲਿਕ ਦੇ ਨਾਮ ਜਾਰੀ ਕੀਤਾ ਗਿਆ ਹੈ।