ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਕਾਂਗਰਸ ਸਰਕਾਰ ਤੇ ਵਰਦਿਆਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਪਿਛਲੇ 14 ਸਾਲਾਂ ਤੋਂ ਮਨਰੇਗਾ ਮੁਲਾਜ਼ਮ ਤੇ ਰੂਰਲ ਫਾਰਮੇਸੀ ਅਫਸਰ ਨਿਗੂਣੀਆਂ ਤਨਖਾਹਾਂ ਤੇ ਠੇਕੇ ਸਿਸਟਮ ਅਧੀਨ ਲਗਾਤਾਰ ਸੇਵਾ ਕਰਦੇ ਆ ਰਹੇ ਹਨ ਪਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਪਿਛਲੇ 14 ਸਾਲਾਂ ਤੋਂ 1539 ਮਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਨਾਂ ਤੇ ਪਹਿਲਾਂ ਅਕਾਲੀ- ਭਾਜਪਾ ਗਠਜੋੜ ਸਰਕਾਰ ਨੇ 10 ਸਾਲ ਲਾਰੇ ਲੱਪਿਆਂ ਵਿੱਚ ਰੱਖਿਆ ਤੇ ਹੁਣ ਕੈਪਟਨ ਸਰਕਾਰ ਵੀ ਉਸੇ ਲੀਹ ਤੁਰਦੀ ਹੋਈ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਇਨ੍ਹਾਂ ਮੁਲਾਜ਼ਮਾਂ ਨੂੰ ਵੱਖ ਵੱਖ ਸਮੇਂ ਮੰਤਰੀਆਂ ਦੀਆਂ ਹਾਈ ਪਾਵਰ ਕਮੇਟੀਆਂ ਬਣਾ ਕੇ ਰੈਗੂਲਰ ਕਰਨ ਦੇ ਨਾਂ ਤੇ ਇਨ੍ਹਾਂ ਮਿਹਨਤੀ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ ਤੇ ਬਸਪਾ ਕੈਪਟਨ ਸਰਕਾਰ ਦੇ ਕੱਚੇ ਮੁਲਾਜ਼ਮਾਂ ਪ੍ਰਤੀ ਇਸ ਜ਼ੁਲਮੀ ਵਤੀਰੇ ਦਾ ਡਟ ਕੇ ਵਿਰੋਧ ਕਰਦੀ ਹੈ ਤੇ ਕੱਚੇ ਮੁਲਾਜ਼ਮਾਂ ਦੇ ਇਸ ਸੰਘਰਸ਼ ਵਿੱਚ ਉਨ੍ਹਾਂ ਨਾਲ ਹਮੇਸ਼ਾ ਚੱਟਾਨ ਵਾਂਗ ਖੜ੍ਹੀ ਨਜ਼ਰ ਆਵੇਗੀ। ਉਨ੍ਹਾਂ ਦੱਸਿਆ ਕਿ ਮਨਰੇਗਾ ਮੁਲਾਜ਼ਮਾਂ ਨੇ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਤੇ ਪਿੰਡਾਂ ਦੇ 90 ਫੀਸਦੀ ਵਿਕਾਸ ਕੰਮ ਸਿੱਧੇ ਤੌਰ ਤੇ ਇਨਾ 1539 ਮਨਰੇਗਾ ਮੁਲਾਜ਼ਮਾਂ ਤੇ ਅਠਾਰਾਂ ਲੱਖ ਮਨਰੇਗਾ ਮਜ਼ਦੂਰਾਂ ਦੇ ਕਾਰਨ ਚੱਲ ਰਹੇ ਹਨ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਦੋਂ ਵੀ ਇਹ ਸੰਘਰਸ਼ੀ ਮਨਰੇਗਾ ਮੁਲਾਜ਼ਮ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ ਤਾਂ ਅਫਸਰਸ਼ਾਹੀ ਵੱਲੋਂ ਇਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੇ ਡਰਾਵੇ ਦਿੱਤੇ ਜਾਂਦੇ ਹਨ ,ਜੋ ਕਿ ਅਤਿ ਨਿੰਦਣਯੋਗ ਹਨ।
ਹੋਰ ਉਨ੍ਹਾਂ ਦੱਸਿਆ ਕਿ ਇਸੇ ਹੀ’ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ’ ਜੋ ਕਿ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਮਹਿਕਮਾ ਹੈ ਵਿੱਚ 1186 ਹੈਲਥ ਤੇ ਦਰਜਾ ਚਾਰ ਮੁਲਾਜ਼ਮ ਪਿਛਲੇ 14 ਸਾਲਾਂ ਤੋਂ ਠੇਕੇ ਤੇ ਸੇਵਾਵਾਂ ਦੇ ਰਹੇ ਹਨ ਪਰ ਇਨ੍ਹਾਂ ਨੂੰ ਵੀ ਵਿਭਾਗ ਵਿੱਚ ਪੱਕਾ ਨਾ ਕਰਕੇ ਨਿਗੁਣੀਆਂ ਤਨਖਾਹਾਂ ਤੇ ਤੇ ਕੰਮ ਕਰਵਾਇਆ ਜਾ ਰਿਹਾ ਹੈ ਤੇ ਕਿੰਨੀ ਅਫ਼ਸੋਸ ਦੀ ਗੱਲ ਹੈ ਕਿ 2011 ਵਿੱਚ ਇਨ੍ਹਾਂ ਹੀ ਮੁਲਾਜ਼ਮਾਂ ਨਾਲ ਭਰਤੀ ਹੋਏ ਮੈਡੀਕਲ ਅਫਸਰਾਂ ਨੂੰ ਤਾਂ ਪੱਕਾ ਕਰ ਦਿੱਤਾ ਗਿਆ, ਪਰ ਰੂਰਲ ਹੈਲਥ ਅਫ਼ਸਰਾਂ ਤੇ ਦਰਜਾ ਚਾਰ ਕਰਮੀਆਂ ਨੂੰ ਰੈਗਲੂਰ ਦੇ ਨਾਂ ਤੇ ਪਿਛਲੇ 14 ਸਾਲਾ ਤੋਂ ਲਾਰੇ ਲੱਪੇ ਹੀ ਲਗਾਏ ਜਾ ਰਹੇ ਹਨ ,ਜਦੋਂ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕੋਵਿਡ -19 ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਆਰਜ਼ੀ ਤੌਰ ਤੇ ਸਿਹਤ ਵਿਭਾਗ ਵਿੱਚ ਫਰੰਟ ਲਾਈਨ ਤੇ ਹਸਪਤਾਲਾਂ ਵਿੱਚ ਕੰਮ ਲਿਆ ਜਾ ਰਿਹਾ ਹੈ ਤੇ ਇਨ੍ਹਾਂ ਦੇ ਕਰੋਨਾ ਮਹਾਂਮਾਰੀ ਦੌਰਾਨ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਕਰ ,ਬੱਸ ਝੂਠੇ ਵਾਅਦਿਆਂ ਨਾਲ ਹੀ ਸਾਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਫਰੰਟ ਲਾਈਨ ਤੇ ਕੰਮ ਕਰਨ ਵਾਲੀਆਂ ਨਰਸਾਂ ਨੂੰ ਵੀ ਰੈਗੂਲਰ ਨਾ ਕਰਕੇ ਉਨ੍ਹਾਂ ਦੇ ਸੰਘਰਸ਼ ਨੂੰ ਵੀ ਲਗਾਤਾਰ ਦਬਾਇਆ ਜਾ ਰਿਹਾ ਹੈ ਅਤੇ ਅਖੀਰ ਵਿੱਚ ਸੂਬਾ ਪ੍ਰਧਾਨ ਗੜ੍ਹੀ ਜੀ ਨੇ ਮਨਰੇਗਾ ਮੁਲਾਜ਼ਮਾਂ, ਰੂਰਲ ਹੈਲਥ ਅਫ਼ਸਰਾਂ, ਦਰਜਾ ਚਾਰ ਮੁਲਾਜ਼ਮਾਂ ਤੇ ਨਰਸਾਂ ਦੇ ਸੰਘਰਸ਼ ਨੂੰ ਹਮਾਇਤ ਦਿੰਦਿਆਂ ਕੈਪਟਨ ਸਰਕਾਰ ਨੂੰ ਸਾਰੇ ਵਿਭਾਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ‘ਮੁਲਾਜ਼ਮ ਵੈੱਲਫੇਅਰ ਐਕਟ -2016 ‘ਨੂੰ ਲਾਗੂ ਕਰਕੇ ਪੂਰੀਆਂ ਤਨਖਾਹਾਂ ਵਿੱਚ ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਕੇ ਇਨਸਾਫ ਦੇਣ ਦੀ ਅਪੀਲ ਕੀਤੀ ਤੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਦਾ ਭਵਿੱਖ ਵਿੱਚ ਸੰਘਰਸ਼ ਦੇ ਮੈਦਾਨ ਵਿੱਚ ਬਸਪਾ ਹਮੇਸ਼ਾ ਸਾਥ ਦੇਵੇਗੀl ਸਰਦਾਰ ਗੜੀ ਨੇ ਪੀ ਟੀ ਸੀ ਚੈਨਲ ਦੇ ਐਂਕਰ ਸ਼੍ਰੀ ਦਵਿੰਦਰਪਾਲ ਸਿੰਘ ਕੋਰੋਨਾ ਬਿਮਾਰੀ ਨਾਲ ਦੇਹਾਂਤ ਹੋਣ ਉਪਰ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਸਰਕਾਰ ਨੂੰ ਓਹਨਾ ਮੀਡੀਆ ਕਰਮੀਆਂ ਲਈ 50 ਲੱਖ ਦਾ ਬੀਮਾ ਜਾਰੀ ਕਰਨਾ ਚਾਹੀਦਾ ਹੈ ਜੋ ਕੋਵਿਡ 19 ਦਾ ਸਿਕਾਰ ਹੁੰਦੇ ਹਨ। ਸ਼੍ਰੀ ਦਵਿੰਦਰਪਾਲ ਸਿੰਘ ਦੇ ਪਰਿਵਾਰ ਲਈ ਵੀ ਬਸਪਾ ਨੇ ਪੰਜਾਹ ਲੱਖ ਮੁਆਵਜੇ ਦੀ ਸਹਾਇਤਾ ਰਾਸ਼ੀ ਦੀ ਮੰਗ ਕੀਤੀ।