ਅੰਮ੍ਰਿਤਸਰ, 2 ਫਰਵਰੀ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਵੱਲੋਂ ਰਜਿਸਟਰ ਕਰਵਾਈ ਗਈ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਵੱਲੋ ਏਸੇ ਸਾਲ ਹੋਣ ਜਾ ਰਹੀਆਂ ਸੰਭਾਵਤ ਚੋਣਾਂ ਲਈ
ਵੋਟਰ ਬਣਨ ਵਿੱਚ ਦਿਖਾਈ ਜਾ ਰਹੀ ਅਣਗਹਿਲੀ ਅਤੇ ਅਵੇਸਲੇਪਣ ਤੇ ਚਿੰਤਾ ਪ੍ਰਗਟਾਈ ਹੈ।
ਐਸੋਸੀਏਸ਼ਨ ਦੇ ਪਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਜੋਗਿੰਦਰ ਸਿੰਘ ਅਦਲੀਵਾਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਗੁ ਪ੍ਰ ਕਮੇਟੀ ਸਿੱਖ ਜਗਤ ਦੀ ਸਰਵਉਚ ਧਾਰਮਕ ਪ੍ਰਤੀਨਿੱਧ ਸੰਸਥਾ ਹੈ ਅਤੇ ਸਮੁੱਚੇ ਵਿਸ਼ਵ ਇਹ ਵਾਹਦ ਧਾਰਮਕ ਸੰਸਥਾ ਹੈ ਜੋ ਪੰਜ ਸਾਲ ਲਈ ਪਰਜਾਤੰਤਰਿਕ ਵਿਧੀ ਵਿਧਾਨ ਰਾਹੀਂ ਸਿੱਖ ਵੋਟਰਾਂ ਵੱਲੋ ਚੁਣੀ ਜਾਂਦੀ ਹੈ । ਇਹ ਅਧਿਕਾਰ ਸਾਡੇ ਪੁਰਖਿਆਂ ਵੱਲੋਂ ਅਥਾਹ ਤਸ਼ੱਦਦ, ਜੇਲ੍ਹਾਂ, ਕੁਰਕੀਆਂ ਅਤੇ ਸ਼ਹਾਦਤਾਂ ਦੀ ਕੀਮਤ ਤੇ ਪ੍ਰਾਪਤ ਕੀਤਾ ਗਿਆ ਹੈ ।
ਅਦਲੀਵਾਲ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਸਮੇਂ ਦੀਆਂ ਸਰਕਾਰਾਂ ਇਸ ਸੰਸਥਾ ਦਾ ਪ੍ਰਤੀਨਿੱਧ ਸਰੂਪ ਖਤਮ ਕਰਨ ਲਈ ਸਮੇਂ ਸਿਰ ਚੋਣ ਕਰਵਉਣ ਤੋਂ ਪਾਸਾ ਵੱਟ ਰਹੀਆਂ ਹਨ ਤੇ ਦੂਜੇ ਪਾਸੇ ਸਿੱਖਾਂ ਅੰਦਰ ਵੀ ਇਸ ਮਹਾਨ ਸੰਸਥਾ ਦਾ ਪਰਜਾਤੰਤਰਿਕ ਸਰੂਪ ਕਾਇਮ ਰੱਖਣ ਵਿੱਚ ਦਿਲਚਸਪੀ ਘੱਟ ਰਹੀ ਲੱਗ ਰਹੀ ਹੈ।
ਉਹਨਾ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਅਕਤੂਬਰ ਮਹੀਨੇ ਦੇ ਆਖਰੀ ਹਫ਼ਤੇ ਗੁਰਦੁਆਰਾ ਚੋਣਾਂ ਲਈ ਬਤੌਰ ਵੋਟਰ ਰਜਿਸਟਰ ਹੋਣ ਲਈ 15 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਚਿੰਤਾਜਨਕ ਹੈ ਕਿ 10 ਨਵੰਬਰ ਤੀਕ ਕੇਵਲ 29% ਵੋਟਰਾਂ ਨੇ ਹੀ ਰਜਿਸਟ੍ਰੇਸ਼ਨ ਕਰਵਾਈ ਸੀ ।
ਉਹਨਾ ਹੋਰ ਕਿਹਾ ਕਿ ਘੱਟ ਰਜਿਸਟ੍ਰੇਸ਼ਨ ਦੇ ਮੱਦੇ ਨਜਰ ਸਿੱਖ ਜਥੇਬੰਦੀਆਂ ਦੇ ਅਸਰਾਰ ਤੇ ਰਜਿਸਟ੍ਰੇਸ਼ਨ ਦੀ ਤਰੀਕ ਵਧਾ 29 ਫਰਵਰੀ,2024 ਕੀਤੀ ਗਈ ਹੈ। ਪਰ ਅਜੇ ਵੀ ਜਿਨ੍ਹਾ ਸਿੱਖਾਂ ਵੱਲੋ ਰਜਿਸਟ੍ਰੇਸ਼ਨ ਫਾਰਮ ਨਹੀ ਭਰੇ ਗਏ ਉਹ ਸਮਝ ਰਹੇ ਹਨ ਕਿ ਅਜੇ 29 ਫਰਵਰੀ ਅਜੇ ਬਹੁਤ ਦੂਰ ਹੈ ।