ਪਟਨਾ, 1 ਜੁਲਾਈ, 2020 : ਇਕ ਮੰਦਭਾਗੀ ਘਟਨਾ ਵਿਚ 30 ਸਾਲਾ ਸਾਫਟਵੇਅਰ ਪ੍ਰੋਫੈਸ਼ਨਲ ਦੀ ਵਿਆਹ ਤੋਂ ਦੋ ਦਿਨ ਬਾਅਦ ਕੋਰੋਨਾ ਨਾਲ ਮੌਤ ਹੋ ਗਈ ਜਦਕਿ ਉਸਦੇ ਵਿਆਹ ਵਿਚ ਮਹਿਮਾਨ ਬਣੇ 95 ਜਣੇ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਮਾਮਲਾ ਪਟਨਾ ਦਿਹਾਤੀ ਦੇ ਪਾਲੀਗੰਜ ਨਾਲ ਸਬੰਧਤ ਹੈ ਜਿਥੇ 15 ਜੂਨ ਨੂੰ ਵਿਆਹ ਹੋਇਆ ਸੀ। ਲਾੜਾ ਹਰਿਆਣਾ ਦੇ ਗੁਰੂਗ੍ਰਾਮ ਵਿਚ ਕੰਮ ਕਰਦਾ ਸੀ ਤੇ 12 ਮਈ ਨੂੰ ਪਿੰਡ ਵਰਤਿਆ ਸੀ। ਉਸ ਵਿਚ ਕੋਰੋਨਾ ਵਰਗੇ ਲੱਛਣ ਸੀ ਪਰ ਇਸਦੇ ਬਾਵਜੂਦ ਪਰਿਵਾਰ ਨੇ ਵਿਆਹ ਰੱਖ ਦਿੱਤਾ ਤੇ ਮਹਿਮਾਨ ਵੀ ਨਿਰਧਾਰਿਤ ਗਿਣਤੀ ਨਾਲੋਂ ਵੱਧ ਸੱਦ ਲਏ। ਵਿਆਹ ਤੋਂ ਦੋ ਦਿਨ ਬਾਅਦ ਲਾੜੇ ਦੀ ਹਾਲਤ ਵਿਗੜ ਗਈ, ਉਸਨੂੰ ਤੁਰੰਤ ਏਮਜ਼ ਪਟਨਾ ਲਿਜਾਇਆ ਗਿਆ ਪਰ ਉਹ ਰਾਹ ਵਿਚ ਹੀ ਦਮ ਤੋੜ ਗਿਆ। ਬਾਅਦ ਵਿਚ ਪਰਿਵਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸੇ ਬਗੈਰ ਲਾਸ਼ ਦਾ ਸਸਕਾਰ ਕਰ ਦਿੱਤਾ।
ਪਟਨਾ ਦੇ ਡੀ ਐਮ ਕੁਮਾਰ ਰਵੀ ਨੇ ਦੱਸਿਆ ਕਿ ਇਕ ਨੌਜਵਾਨ ਨੇ ਫੋਨ ਕਰ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਮਗਰੋਂ ਰਿਸ਼ਤੇਦਾਰਾਂ ਤੇ ਗਵਾਂਢੀਆਂ ਦੇ ਸੈਂਪਲ ਲਏ ਗਏ। 15 ਵਿਅਕਤੀ ਪਾਜ਼ੀਟਿਵ ਪਾਏ ਗਏ। ਇਸ ਉਪਰੰਤ ਉਹਨਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਸੈਂਪਲ ਲਏ ਤਾਂ 80 ਹੋਰ ਜਣੇ ਕੋਰੋਨਾ ਪਾਜ਼ੀਟਿਵ ਆ ਗਏ।