ਔਕਲੈਂਡ, 05 ਜਨਵਰੀ, 2024:-ਔਕਲੈਂਡ ਏਅਰਪੋਰਟ ਅਤੇ ਏਅਰ ਨਿਊਜ਼ੀਲੈਂਡ ਨੇ ਜਾਅਲੀ ਸਮਾਨ ਜਿਵੇਂ ਕਿ ਹਵਾਈ ਅੱਡੇ ਉਤੇ ਪਏ ਲਾਵਾਰਿਸ ਅਤੇ ਗਵਾਚੇ ਸੂਟ ਕੇਸਾਂ ਦੀ ਵਿਕਰੀ (3 ਡਾਲਰ) ਆਦਿ ਨੂੰ ਝੂਠ ਕਰਾਰ ਦਿੰਦਿਆ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਹ ਫੇਸ ਬੁੱਕ ਉਤੇ ਹੋ ਰਿਹਾ ਇਕ ਘੁਟਾਲਾ ਹੈ। ਬਹੁਤ ਸਾਰੇ ਲੋਕਾਂ ਨੇ ਹੁਣ ਤੱਕ ਪੈਸੇ ਗਵਾ ਲਏ ਹਨ। ਘੁਟਾਲਾ ਕਰਨ ਵਾਲੇ ਕਹਿੰਦੇ ਹਨ ਕਿ ਸਾਡੇ ਵੇਅਰਹਾਊਸ (ਸਟੋਰ) ਭਰ ਗਏ ਹਨ ਅਤੇ ਇਹ ਖਾਲੀ ਕਰਨੇ ਹਨ, ਜਿਸ ਕਰਕੇ ਸਸਤੇ ਵੇਚ ਰਹੇ ਹਨ। ਦਰਜਨਾਂ ਸੂਟਕੇਸਾਂ ਦੀਆਂ ਜਾਅਲੀ ਤਰੀਨੇ ਨਾਲ ਬਦਲੀਆਂ ਤਸਵੀਰਾਂ ਵਿੱਚ ਏਅਰ ਨਿਊਜ਼ੀਲੈਂਡ ਅਤੇ ਆਕਲੈਂਡ ਏਅਰਪੋਰਟ ਦੇ ਲੋਗੋ ਅਤੇ ਹੋਰ ਚਿੰਨ੍ਹ ਵੀ ਲਗਾਏ ਗਏ ਹਨ। ਅਜਿਹੀਆਂ ਪੋਸਟਾਂ ਫੇਸਬੁੱਕ ’ਤੇ ਦਿਖਾਈ ਦਿੰਦੀਆਂ ਹਨ ਅਤੇ ਵੱਖ-ਵੱਖ ਕਮਿਊਨਿਟੀ ਪੇਜਾਂ ’ਤੇ ਭੇਜੀਆਂ ਜਾਂਦੀਆਂ ਹਨ। ਬਹੁਤੇ ਪੇਜ ਪ੍ਰਸ਼ਾਸਕ ਹੁਣ ਉਹਨਾਂ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਰਹੇ ਹਨ ਕਿਉਂਕਿ ਉਹ ਉਹਨਾਂ ਨੂੰ ਇੱਕ ਜਾਣੇ-ਪਛਾਣੇ ਘੁਟਾਲੇ ਵਜੋਂ ਮਾਨਤਾ ਦਿੰਦੇ ਹਨ। ਜਾਅਲੀ ਕੁਮੈਂਟਾਂ ਜਾਂ ਕਹਿ ਲਈਏ ਫੇਸ ਬੁੱਕ ਟਿੱਪਣੀਆਂ ਵਿੱਚ ਜਾਅਲੀ ਪ੍ਰੋਫਾਈਲਾਂ ਦੇ ਨਾਲ ਘੁਟਾਲੇ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਜੋ ਇਹ ਸੂਟ ਕੇਸ ਲੈ ਕੇ ਖੁਸ਼ਹਾਲ ਗਾਹਕ ਹੋਣ ਦਾ ਦਾਅਵਾ ਕਰਦੇ ਹਨ। ਉਹ ਕਹਿੰਦੇ ਹਨ ਕਿ ਮਹਿੰਗੀਆਂ ਜੁੱਤੀਆਂ, ਪਰਫਿਊਮ ਉਨ੍ਹਾਂ ਨੂੰ ਮਿਲ ਗਏ ਹਨ। ਕਈ ਲੋਕਾਂ ਨੇ ਕਿਹਾ ਕਿ ਉਹ ਘੁਟਾਲੇ ਦੇ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਦੇ ਕ੍ਰੈਡਿਟ ਕਾਰਡ ਤੋਂ ਪਹਿਲਾਂ ਹੀ 80 ਡਾਲਰ ਤੋਂ ਵੱਧ ਕੱਟ ਲਏ ਗਏ ਹਨ। ਆਕਲੈਂਡ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਉਹ ਅਕਤੂਬਰ ਵਿੱਚ ਇਸ ਘੁਟਾਲੇ ਬਾਰੇ ਜਾਣੂ ਹੋ ਗਏ ਸਨ ਅਤੇ ਕਈ ਮੌਕਿਆਂ ’ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕੀ ਵਾਲੀ ਮੇਟਾ ਨੂੰ ਇਸ ਦੀ ਸੂਚਨਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਗੁੰਮ ਹੋਏ ਜਾਂ ਲਾਵਾਰਿਸ ਸਮਾਨ ਨੂੰ ਨਹੀਂ ਵੇਚਾਂਗੇ।
ਕਿਵੇਂ ਬਚੀਏ:
ਘੁਟਾਲੇ ਕਰਨ ਵਾਲਿਆਂ ਨਾਲ ਸੋਸ਼ਲ ਸੰਪਰਕਬੰਦ ਕਰ ਦਿਓ। ਇੱਕ ਵਾਰ ਜਦੋਂ ਤੁਹਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਤੁਹਾਡੇ ਨਾਲ ਧੋਖਾ ਕੀਤਾ ਜਾ ਰਿਹਾ ਹੈ, ਤਾਂ ਗੱਲਬਾਤ ਜਾਰੀ ਨਾ ਰੱਖੋ। ਫ਼ੋਨ ਬੰਦ ਕਰੋ। ਘਪਲੇਬਾਜ਼ਾਂ ਵੱਲੋਂ ਭੇਜੀਆਂ ਈਮੇਲਾਂ ਜਾਂ ਚਿੱਠੀਆਂ ਦਾ ਜਵਾਬ ਨਾ ਦਿਓ। ਜੇਕਰ ਤੁਹਾਡੇ ਨਾਲ ਔਨਲਾਈਨ ਘਪਲੇ ਕੀਤੇ ਗਏ ਹਨ, ਤਾਂ ਘੁਟਾਲੇ ਕਰਨ ਵਾਲੇ ਨੂੰ ਤੁਹਾਡੇ ਨਾਲ ਸੰਪਰਕ ਕਰਨ ਤੋਂ ਰੋਕੋ। ਕੋਈ ਹੋਰ ਭੁਗਤਾਨ ਨਾ ਕਰੋ। ਕੁਝ ਘੁਟਾਲੇਬਾਜ਼ ਹਾਲ ਹੀ ਦੇ ਘੁਟਾਲਿਆਂ ਵਿੱਚ ਫਸੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿਵੇਂ ਕਿ ਇੱਕ ਇਨਫੋਰਸਮੈਂਟ ਏਜੰਸੀ ਹੋਣ ਦਾ ਢੌਂਗ ਕਰਨਾ ਜੋ ਤੁਹਾਡੇ ਸਾਰੇ ਪੈਸੇ ਇੱਕ ਫੀਸ ਲਈ ਵਾਪਸ ਕਰ ਸਕਦੀ ਹੈ। ਕਿਸੇ ਨੂੰ ਇਸ ਵਾਅਦੇ ’ਤੇ ਪੈਸੇ ਨਾ ਦਿਓ ਕਿ ਉਹ ਤੁਹਾਡੇ ਗੁਆਚੇ ਹੋਏ ਪੈਸੇ ਵਾਪਸ ਕਰ ਦੇਣਗੇ। ਉਸ ਬੈਂਕ ਜਾਂ ਸੇਵਾ ਨਾਲ ਸੰਪਰਕ ਕਰੋ ਜਿਸ ਰਾਹੀਂ ਤੁਸੀਂ ਪੈਸੇ ਭੇਜੇ ਹਨ। ਜੇਕਰ ਤੁਸੀਂ ਕਿਸੇ ਵਿੱਤੀ ਘੁਟਾਲੇ, ਕ੍ਰੈਡਿਟ ਕਾਰਡ ਘੁਟਾਲੇ ਜਾਂ ਆਪਣੀ ਪਛਾਣ ਦੀ ਚੋਰੀ ਦੇ ਸ਼ਿਕਾਰ ਹੋ, ਤਾਂ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰੋ। ਜਿੰਨੀ ਜਲਦੀ ਤੁਹਾਡੇ ਬੈਂਕ ਨੂੰ ਇਸ ਬਾਰੇ ਪਤਾ ਲੱਗੇਗਾ, ਪੈਸੇ ਵਾਪਸ ਮਿਲਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੋਵੇਗੀ।