ਸਰੀ, 5 ਜਨਵਰੀ 2024-ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਅਲੂਮਨੀ ਐਸੋਸੀਏਸ਼ਨ ਵੈਨਕੂਵਰ ਵੱਲੋਂ ਆਪਣਾ ਅੱਠਵਾਂ ਸਾਲਾਨਾ ਸਮਾਗਮ ਅੰਪਾਇਰ ਬੈਂਕੁਇਟ ਹਾਲ ਸਰੀ ਵਿਖੇ ਧੂਮਧਾਮ ਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ।
ਡਾ. ਗੁਰਬਾਜ ਸਿੰਘ ਬਰਾੜ, ਹਰਿੰਦਰਜੀਤ ਡੁੱਲਟ, ਹਰਵਿੰਦਰ ਨਈਅਰ, ਹਰਮੀਤ ਸਿੰਘ ਖੁੱਡੀਆਂ, ਹਰਪ੍ਰੀਤ ਧਾਲੀਵਾਲ, ਬਲਜਿੰਦਰ ਸੰਘਾ ਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸ਼ਾਮਲ ਹੋਏ। ਸਮਾਗਮ ਵਿਚ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਕੰਟਰੋਲਰ (ਪ੍ਰੀਖਿਆਵਾਂ) ਡਾ. ਪਰਵਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਗਮ ਦੌਰਾਨ ਸਾਬਕਾ ਵਿਦਿਆਰਥੀਆਂ ਤੇ ਵਿਦਿਆਰਥਣਾਂ ਵੱਲੋਂ ਗੀਤ ਸੰਗੀਤ, ਭੰਗੜਾ, ਗਿੱਧਾ ਅਤੇ ਹੋਰ ਕਈ ਸਭਿਆਚਾਰਕ ਵੰਨਗੀਆਂ ਨਾਲ ਬਹੁਤ ਹੀ ਦਿਲਕਸ਼ ਮਾਹੌਲ ਸਿਰਜਿਆ ਗਿਆ। ‘ਜਾਗੋ’, ਭੰਗੜੇ ਅਤੇ ਬਾਲੀਵੁਡ ਗੀਤ ਸੰਗੀਤ ਨੇ ਇਸ ਮਹਿਫ਼ਿਲ ਨੂੰ ਯਾਦਗਾਰੀ ਬਣਾਇਆ। ਦੇਰ ਰਾਤ ਤੱਕ ਚੱਲੇ ਇਸ ਰੰਗਾ ਰੰਗ ਪ੍ਰੋਗਰਾਮ ਨੂੰ ਸਭ ਨੇ ਬੇਹੱਦ ਮਾਣਿਆ ਅਤੇ ਵਿਦਿਆਰਥੀ ਜੀਵਨ ਦੇ ਸੁਨਹਿਰੀ ਦਿਨਾਂ ਨੂੰ ਯਾਦ ਕੀਤਾ।
ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਡਾ. ਸੁਖਵਿੰਦਰ ਵਿਰਕ, ‘ਦੇਸ ਪ੍ਰਦੇਸ ਟਾਈਮਜ਼’ ਅਖਬਾਰ ਦੇ ਸੰਪਾਦਕ ਸੁਖਵਿੰਦਰ ਚੋਹਲਾ, ਅੰਗਰੇਜ਼ ਬਰਾੜ, ਨਵਰੂਪ ਸਿੰਘ, ਰਣਧੀਰ ਢਿੱਲੋਂ, ਐਡਵੋਕੇਟ ਅਮਨ ਚੀਮਾ, ਐਡਵੋਕੇਟ ਅਜੇਪਾਲ ਸਿੰਘ ਧਾਲੀਵਾਲ, ਹਰਦਮ ਸਿੰਘ ਮਾਨ ਅਤੇ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।