ਟੋਰਾਂਟੋ, 14 ਦਸੰਬਰ – ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੰਜਾਬੀ ਟਰੱਕ ਡਰਾਈਵਰ ਖ਼ਿਲਾਫ਼ ਕੈਨੇਡਾ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ 15 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਭਾਰਤ ਭੱਜ ਗਿਆ। ਸਰੀ ਦੇ ਰਾਜ ਕੁਮਾਰ ਮਹਿਮੀ ਨੂੰ ਨਵੰਬਰ ਵਿੱਚ ਕੈਨੇਡਾ-ਅਮਰੀਕਾ ਪੈਸੀਫਿਕ ਹਾਈਵੇਅ ਬਾਰਡਰ ਕ੍ਰਾਸਿੰਗ ਰਾਹੀਂ ਬ੍ਰਿਟਿਸ਼ ਕੋਲੰਬੀਆ ਵਿੱਚ 80 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਕਰਨ ਲਈ ਸਜ਼ਾ ਸੁਣਾਈ ਗਈ ਸੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਕਿਹਾ ਕਿ ਮਹਿਮੀ ਦਾ ਪਤਾ ਲਗਾਉਣ ਅਤੇ ਆਰਜ਼ੀ ਤੌਰ ਤੇ ਗ੍ਰਿਫਤਾਰ ਕਰਨ ਲਈ ਇੰਟਰਪੋਲ ਦੀ ਮਦਦ ਮੰਗੀ ਗਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸੈਮੀ-ਟ੍ਰੇਲਰ ਟਰੱਕ ਦੇ ਅੰਦਰੋਂ 80 ਕਿਲੋ ਕੋਕੀਨ ਬਰਾਮਦ ਕੀਤੀ ਸੀ। 6 ਨਵੰਬਰ 2017 ਨੂੰ ਮਹਿਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵੇਲੇ ਕੋਕੀਨ ਦੀ 32 ਕਰੋੜ ਡਾਲਰ ਸੀ। 6 ਸਤੰਬਰ 2022 ਨੂੰ ਸੁਪਰੀਮ ਕੋਰਟ ਦੇ ਜੱਜ ਨੇ ਮਹਿਮੀ ਨੂੰ ਦੋਸ਼ੀ ਕਰਾਰ ਦਿੱਤਾ ਤੇ 9 ਜਨਵਰੀ 2023 ਨੂੰ ਸਜ਼ਾ ਸੁਣਾਈ ਜਾਣੀ ਸੀ। 11 ਅਕਤੂਬਰ 2022 ਨੂੰ ਮਹਿਮੀ ਵੈਨਕੂਵਰ ਤੋਂ ਜਹਾਜ਼ ਵਿੱਚ ਸਵਾਰ ਹੋਣ ਤੋਂ ਬਾਅਦ ਭਾਰਤ ਭੱਜ ਗਿਆ ਅਤੇ ਨਵੀਂ ਦਿੱਲੀ ਪਹੁੰਚ ਗਿਆ। ਪੁਲੀਸ ਨੇ ਕਿਹਾ ਕਿ ਮਹਿਮੀ ਦਾ ਕੈਨੇਡੀਅਨ ਪਾਸਪੋਰਟ ਉਸ ਦੀ ਗ੍ਰਿਫ਼ਤਾਰੀ ਸਮੇਂ ਜ਼ਬਤ ਕਰ ਲਿਆ ਗਿਆ ਸੀ। ਉਸ ਦੀ ਗ੍ਰਿਫਤਾਰੀ ਅਤੇ ਦੋਸ਼ੀ ਕਰਾਰ ਦੇਣ ਦੀ ਪ੍ਰਕਿਰਿਆ ਲੰਮੀ ਹੋਣ ਕਾਰਨ ਮਹਿਮੀ ਨਵਾਂ ਕੈਨੇਡੀਅਨ ਪਾਸਪੋਰਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਤੇ ਦੇਸ਼ ਵਿੱਚੋਂ ਫਰਾਰ ਹੋ ਗਿਆ।