ਯੇਰੂਸ਼ਲਮ, 22 ਨਵੰਬਰ – ਇਜ਼ਰਾਈਲ ਦੀ ਕੈਬਨਿਟ ਨੇ ਅੱਜ ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਨਾਲ ਅਸਥਾਈ ਜੰਗਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਛੇ ਹਫ਼ਤਿਆਂ ਤੋਂ ਚੱਲ ਰਹੀ ਭਿਆਨਕ ਜੰਗ ਨੂੰ ਕੁਝ ਦਿਨਾਂ ਲਈ ਰੋਕ ਦਿੱਤਾ ਜਾਵੇਗਾ।
ਇਸ ਦੌਰਾਨ ਗਾਜ਼ਾ ਪੱਟੀ ਵਿੱਚ ਹਮਾਸ ਵੱਲੋਂ ਬੰਦੀ ਬਣਾਏ ਲੋਕਾਂ ਦੀ ਰਿਹਾਈ ਦੇ ਬਦਲੇ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਬੰਦ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਸਮਝੌਤੇ ਵਿੱਚ ਚਾਰ ਦਿਨਾਂ ਦੀ ਜੰਗਬੰਦੀ ਦਾ ਸੱਦਾ ਦਿੱਤਾ ਗਿਆ ਹੈ।
ਇਸ ਸਮੇਂ ਦੌਰਾਨ ਇਜ਼ਰਾਈਲ ਗਾਜ਼ਾ ਵਿੱਚ ਹਮਲੇ ਬੰਦ ਕਰ ਦੇਵੇਗਾ, ਜਦੋਂ ਕਿ ਹਮਾਸ ਬੰਦੀ ਬਣਾਏ 240 ਇਜ਼ਰਾਇਲੀਆਂ ਵਿੱਚੋਂ 50 ਨੂੰ ਰਿਹਾਅ ਕਰੇਗਾ।
ਸਭ ਤੋਂ ਪਹਿਲਾਂ ਬੰਦੀ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕੀਤਾ ਜਾਵੇਗਾ।
ਹਮਾਸ ਨਾਲ ਵਿਚੋਲਗੀ ਕਰ ਰਹੇ ਕਤਰ ਵੱਲੋਂ ਅੱਜ ਸਵੇਰੇ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਮਝੌਤੇ ਵਿਚ ਇਜ਼ਰਾਇਲੀ ਜੇਲ੍ਹਾਂ ਵਿਚ ਬੰਦ ਕਈ ਫਲਸਤੀਨੀ ਔਰਤਾਂ ਅਤੇ ਬੱਚਿਆਂ ਦੀ ਰਿਹਾਈ ਵੀ ਸ਼ਾਮਲ ਹੈ।
ਸਮਝੌਤੇ ਨੂੰ ਲਾਗੂ ਕਰਨ ਤੋਂ ਬਾਅਦ ਪੜਾਅਵਾਰ ਰਿਹਾਅ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ। ਬਿਆਨ ਦੇ ਅਨੁਸਾਰ ਇਜ਼ਰਾਈਲ ਗਾਜ਼ਾ ਵਿੱਚ ਮਾਨਵੀ ਸਹਾਇਤਾ ਦੀ ਆਗਿਆ ਦੇਵੇਗਾ।
ਹਾਲਾਂਕਿ ਇਜ਼ਰਾਈਲ ਵੱਲੋਂ ਜਾਰੀ ਬਿਆਨ ਵਿੱਚ ਇਨ੍ਹਾਂ ਵਿੱਚੋਂ ਕਿਸੇ ਵੀ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।