ਪਟਿਆਲਾ 14 ਨਵੰਬਰ 2023:- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਸਰਬਾਂਗੀ ਲੇਖਕ ਇੰਜੀ. ਦੇਵਿੰਦਰ ਮੋਹਨ ਸਿੰਘ (ਡੀ.ਐਮ.ਸਿੰਘ),ਲੁਧਿਆਣਾ), ਬਹੁਪੱਖੀ ਲੇਖਕ ਡਾ. ਅਮਰ ਕੋਮਲ, ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਗੁਰਸ਼ਰਨ ਕੌਰ ਵਾਲੀਆ, ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ, ਲੋਕਧਾਰਾ—ਸ਼ਾਸਤਰੀ ਅਤੇ ਗਲਪਕਾਰ ਡਾ. ਚਰਨਜੀਤ ਕੌਰ (ਕਰਨਾਲ),ਡਾ. ਗੁਰਬਚਨ ਸਿੰਘ ਰਾਹੀ ਅਤੇ ਰਾਜਿੰਦਰ ਪਾਲ ਸ਼ਰਮਾ (ਜਗਰਾਓਂ) ਸ਼ਾਮਿਲ ਸਨ। ਇਸ ਸਮਾਗਮ ਵਿਚ ਉਘੇ ਕਹਾਣੀਕਾਰ ਬਾਬੂ ਸਿੰਘ ਰੈਹਲ ਦੇ ਕਹਾਣੀ ਸੰਗ੍ਰਹਿ ‘ਜਿਨਿ ਨਾਮੁ ਲਿਖਾਇਆ ਸਚੁ ਦਾ ਲੋਕ ਅਰਪਣ ਕੀਤਾ ਗਿਆ।
ਪੁੱਜੇ ਲੇਖਕਾਂ ਅਤੇ ਵਿਦਵਾਨਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ ਨੇ ਕਿਹਾ ਕਿ ਮਾਂ ਬੋਲੀ ਦੇ ਵਿਕਾਸ ਲਈ ਹੋਰ ਵਧੇਰੇ ਠੋਸ ਯੋਜਨਾਵਾਂ ਉਲੀਕੀਆਂ ਜਾਣਗੀਆਂ। ਇੰਜੀ. ਦੇਵਿੰਦਰ ਮੋਹਨ ਸਿੰਘ ਦੀ ਧਾਰਣਾ ਸੀ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਪੰਜਾਬ ਦੀਆਂ ਅਹਿਮ ਸਾਹਿਤ ਸਭਾਵਾਂ ਵਿਚੋਂ ਇਕ ਹੈ ਜੋ ਮਾਤ—ਭਾਸ਼ਾ ਦੇ ਵਿਕਾਸ ਲਈ ਠੋਸ ਲੀਹਾਂ ਤੇ ਤੁਰ ਰਹੀ ਹੈ। ਡਾ. ਅਮਰ ਕੋਮਲ ਦਾ ਮੰਨਣਾ ਸੀ ਕਿ ਬਾਬੂ ਸਿੰਘ ਰੈਹਲ ਦੀਆਂ ਕਹਾਣੀਆਂ ਵਿਚ ਠੋਸ ਸੁਨੇਹੇ ਛੁਪੇ ਹੋਏ ਹਨ। ਗੁਰਸ਼ਰਨ ਕੌਰ ਵਾਲੀਆ ਦਾ ਮਤ ਸੀ ਕਿ ਉਹਨਾਂ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਹੋਣ ਸਮੇਂ ਦੌਰਾਨ ਸਭਾ ਜਿਸ ਸਿਰੜ ਅਤੇ ਤਨਦੇਹੀ ਨਾਲ ਸਾਹਿਤਕ ਗਤੀਵਿਧੀਆਂ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਸੀ, ਅੱਜ ਵੀ ਉਸੇ ਤਰ੍ਹਾਂ ਮੁਸਤੈਦੀ ਨਾਲ ਪਹਿਰਾ ਦੇ ਰਹੀ ਹੈ।
ਤੇਜਿੰਦਰ ਸਿੰਘ ਗਿੱਲ ਨੇ ਕਲਾ ਸਾਹਿਤ ਲਈ ਸਿੱਧਾਂਤ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਅਤੇ ਸਾਹਿਤ ਸਭਾਵਾਂ ਅਟੁੱਟ ਕੜੀਆਂ ਹਨ। ਡਾ. ਚਰਨਜੀਤ ਕੌਰ ਕਰਨਾਲ ਨੇ ਕਿਹਾ ਕਿ ਅਜੋਕਾ ਸਾਹਿਤ ਮਾਨਵ ਦੀ ਮਾਨਸਿਕ ਟੁੱਟ ਭੱਜ ਅਤੇ ਦਵੰਦ ਨੂੰ ਖ਼ੂਬਸੂਰਤੀ ਨਾਲ ਪ੍ਰਗਟ ਕਰ ਰਿਹਾ ਹੈ ਜਦੋਂ ਕਿ ਰਾਜਿੰਦਰਪਾਲ ਸ਼ਰਮਾ ਨੇ ਸਭਾ ਵਿਚ ਪਹਿਲੀ ਵਾਰੀ ਸ਼ਮੂਲੀਅਤ ਕਰਕੇ ਵਿਅੰਗਮਈ ਅੰਦਾਜ਼ ਵਾਲੀਆਂ ਲਿਖਤ ਸਾਂਝੀ ਕੀਤੀ।ਡਾ. ਗੁਰਬਚਨ ਸਿੰਘ ਰਾਹੀ ਨੇ ਵੀ ਮੁੱਲਵਾਨ ਵਿਚਾਰ ਪ੍ਰਗਟਾਏ।
ਬਾਬੂ ਸਿੰਘ ਰੈਹਲ ਦੇ ਕਹਾਣੀ ਸੰਗ੍ਰਹਿ ਉਪਰ ਮੁੱਖ ਪੇਪਰ ਪੜ੍ਹਦਿਆਂ ਡਾ. ਲਕਸ਼ਮੀ ਨਾਰਾਇਣ ਭੀਖੀ ਨੇ ਇਹ ਕੇਂਦਰੀ ਨੁਕਤਾ ਉਭਾਰਿਆ ਕਿ ਰੈਹਲ ਦੀਆਂ ਕਹਾਣੀਆਂ ਵਿਚ ਸਮਾਜਵਾਦੀ ਦ੍ਰਿਸ਼ਟੀਕੋਣ ਨੂੰ ਪ੍ਰਮੁੱਖਤਾ ਹਾਸਿਲ ਹੈ।ਡਾ. ਹਰਜੀਤ ਸਿੰਘ ਸੱਧਰ ਨੇ ਰੈਹਲ ਦੀਆਂ ਕਹਾਣੀਆਂ ਦੀ ਪਾਤਰ ਉਸਾਰੀ ਬਾਰੇ ਤਫ਼ਸੀਲ ਨਾਲ ਗੱਲ ਕੀਤੀ ਜਦੋਂ ਕਿ ਸੁਖਦੇਵ ਸਿੰਘ ਚਹਿਲ,ਬਲਬੀਰ ਸਿੰਘ ਦਿਲਦਾਰ,ਬਲਦੇਵ ਸਿੰਘ ਬਿੰਦਰਾ ਅਤੇ ਹਰਪ੍ਰੀਤ ਕੌਰ ਮਾਨੂੰਪੁਰੀ (ਖੋਜਾਰਥਣ) ਨੇ ਪੁਸਤਕ ਦੇ ਕਲਾ ਪੱਖ ਨੂੰ ਵਿਸ਼ੇਸ਼ ਤੌਰ ਤੇ ਉਭਾਰਿਆ।ਬਾਬੂ ਸਿੰਘ ਰੈਹਲ ਨੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਅਨੁਭਵ ਸਾਂਝੇ ਕੀਤੇ।