ਜੰਮੂ, 9 ਨਵੰਬਰ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ਵਿੱਚ ਬੀਤੀ ਦੇਰ ਰਾਤ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਰੇਂਜਰਾਂ ਦੀ ਗੋਲੀਬਾਰੀ ਵਿੱਚ ਸੀਮਾ ਸੁਰੱਖਿਆ ਬਲ ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀ ਮੁਤਾਬਕ ਸਾਂਬਾ ਵਿਚ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਪਿਛਲੇ 24 ਦਿਨਾਂ ਵਿਚ ਜੰਮੂ ਵਿਚ ਕੌਮਾਂਤਰੀ ਸਰਹੱਦ ਤੇ ਪਾਕਿਸਤਾਨੀ ਰੇਂਜਰਾਂ ਵਲੋਂ ਜੰਗਬੰਦੀ ਦੀ ਉਲੰਘਣਾ ਦੀ ਤੀਜੀ ਘਟਨਾ ਹੈ।
ਉਨ੍ਹਾਂ ਦਸਿਆ ਕਿ ਗੋਲੀਬਾਰੀ ਵਿਚ ਬੀਐਸਐਫ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਫਿਰ ਜੰਮੂ ਦੇ ਜੀਐਮਸੀ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੀਐਸਐਫ ਨੇ ਇਕ ਬਿਆਨ ਵਿਚ ਕਿਹਾ ਕਿ 8-9 ਨਵੰਬਰ ਦੀ ਦਰਮਿਆਨੀ ਰਾਤ ਦੌਰਾਨ, ਪਾਕਿਸਤਾਨ ਰੇਂਜਰਾਂ ਨੇ ਰਾਮਗੜ੍ਹ ਖੇਤਰ ਵਿਚ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ, ਜਿਸ ਦਾ ਬੀਐਸਐਫ ਦੇ ਜਵਾਨਾਂ ਨੇ ਢੁਕਵਾਂ ਜਵਾਬ ਦਿਤਾ।
ਰਾਮਗੜ੍ਹ ਕਮਿਊਨਿਟੀ ਹੈਲਥ ਸੈਂਟਰ ਦੇ ਬਲਾਕ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਵਲੋਂ ਕੀਤੀ ਗੋਲੀਬਾਰੀ ਵਿਚ ਬੀਐਸਐਫ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਕਰੀਬ 1 ਵਜੇ ਇਲਾਜ ਲਈ ਕੇਂਦਰ ਵਿਚ ਲਿਆਂਦਾ ਗਿਆ।
ਇਸ ਤੋਂ ਇਲਾਵਾ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਸਵੇਰੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦਿ ਰੇਜਿਸਟੈਂਸ ਫਰੰਟ ਨਾਲ ਸਬੰਧਤ ਅਤਿਵਾਦੀ ਮਾਰਿਆ ਗਿਆ। ਦੱਖਣੀ ਕਸ਼ਮੀਰ ਜ਼ਿਲੇ ਦੇ ਕਠੋਹਲਾਨ ਇਲਾਕੇ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਕਾਬਲਾ ਸ਼ੁਰੂ ਹੋਇਆ ਤੇ ਹੁਣ ਤੱਕ ਅਤਿਵਾਦੀ ਮਾਰਿਆ ਗਿਆ ਹੈ। ਉਸ ਕੋਲੋਂ ਗੋਲਾ ਬਾਰੂਦ ਅਤੇ ਹੋਰ ਸਮੱਗਰੀ ਬਰਾਮਦ ਹੋਈ ਹੈ। ਤਲਾਸ਼ੀ ਮੁਹਿੰਮ ਜਾਰੀ ਹੈ।