ਗੁਰਦਾਸਪੁਰ 7 ਨਵੰਬਰ 2023- ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਅੰਦਰ ਕਿਸਾਨਾਂ ਵੱਲੋਂ ਸਰਕਾਰੀ ਹੁਕਮਾਂ ਨੂੰ ਛਿੱਕੇ ਤੇ ਟੰਗ ਕੇ ਸਰੇਆਮ ਦਿਨ ਦਿਹਾੜੇ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਸਾਹ ਅਤੇ ਅੱਖਾਂ ਵਿੱਚ ਜਲਨ ਹੋਣ ਕਾਰਨ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਲਾ ਪ੍ਰਸ਼ਾਸਨ ਅਤੇ ਡੀਸੀ ਗੁਰਦਾਸਪੁਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਅੱਗ ਲਾਉਂਣ ਦੀ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਕਈ ਕਿਸਾਨ ਇਹਨਾਂ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਪਰਾਲੀ ਨੂੰ ਧੜਾ ਧੜ ਅੱਗ ਲਾ ਰਹੇ ਹਨ।ਅੱਜ ਇਸੇ ਤਰ੍ਹਾਂ ਦਾ ਮਾਮਲਾ ਹਲਕੇ ਦੇ ਪਿੰਡ ਸ਼ਾਹਪੁਰ ਜਾਜਨ ਵਿੱਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇੱਕ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਾਈ ਜਾ ਰਹੀ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਸ਼ਾਹਪੁਰ ਜਾਜਨ ਵਿੱਚ ਇੱਕ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਜਦ ਆ ਕੇ ਵੇਖਿਆ ਤਾਂ ਅੱਗ ਦੇ ਭਾਂਬੜ ਬਲ ਰਹੇ ਸਨ ਤਾਂ ਉਨ੍ਹਾਂ ਵੱਲੋਂ ਕਿਸਾਨਾਂ ਦੀ ਮਦਦ ਨਾਲ ਅੱਗ ਨੂੰ ਬੁਝਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਜੱਦ ਤੱਕ ਫਾਇਰ ਬ੍ਰਿਗੇਡ ਪਹੁੰਚਦੀ ਉਦੋਂ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ ਸੀ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਅਜਾਦ ਸਿੰਘ ਨੇ ਦੱਸਿਆ ਕਿ ਕਿਸਾਨਾਂ ਦਾ ਪਰਾਲੀ ਨੂੰ ਅੱਗ ਲਾਏ ਜਾਣ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ ਕਿਉਂਕਿ ਕਣਕ ਦੀ ਬਿਜਾਈ ਦਾ ਵਕਤ ਲੰਘ ਰਿਹਾ ਹੈ।ਅਗਰ ਪਰਾਲੀ ਦੀ ਸਾਂਭ ਸੰਭਾਲ ਲਈ ਸਰਕਾਰ ਢੁਕਵੇਂ ਪ੍ਰਬੰਧ ਕਰੇ ਤਾ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਵੇਗਾ।ਕਿਸਾਨ ਆਗੂ ਅਜਾਦ ਸਿੰਘ ਵੱਲੋਂ ਬਠਿੰਡੇ ਵਿੱਚ ਕਿਸਾਨਾਂ ਵੱਲੋਂ ਸਰਕਾਰੀ ਅਧਿਕਾਰੀ ਨੂੰ ਬੰਧਕ ਬਣਾ ਕੇ ਉਸ ਕੋਲੋਂ ਜਬਰਨ ਅੱਗ ਲਵਾਏ ਜਾਣ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਇਸ ਮੌਕੇ ਗਗਨਦੀਪ ਸਿੰਘ,ਖੇਤੀਬਾੜੀ ਅਧਿਕਾਰੀ, ਪਰਮਜੀਤ ਸਿੰਘ, ਕਿਸਾਨ ਆਗੂ ਅਜਾਦ ਸਿੰਘ, ਜਥੇਦਾਰ ਸੁਖਜਿੰਦਰ ਸਿੰਘ ਹਾਜ਼ਰ ਸਨ।