ਗੁਰਦਾਸਪੁਰ, 6 ਨਵੰਬਰ 2023 : ਦੀਵਾਲੀ, ਗੁਰਪੁਰਬ, ਕ੍ਰਿਸਮਿਸ ਡੇਅ ਅਤੇ ਨਵੇਂ ਸਾਲ ਦੇ ਮੌਕੇ ਲੋਕਾਂ ਵੱਲੋਂ ਕੀਤੀ ਜਾਂਦੀ ਆਤਿਸ਼ਬਾਜੀ ਦੀ ਵਰਤੋਂ ਨਾਲ ਕਿਸੇ ਕਿਸਮ ਦੀ ਦੁਰਘਾਟਨਾ ਨਾ ਵਾਪਰੇ ਇਸ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਸ੍ਰੀ ਸੁਭਾਸ਼ ਚੰਦਰ ਨੇ ਪੰਜਾਬ ਸਰਕਾਰ, ਇੰਡਸਟਰੀ ਐਂਡ ਕਮਰਸ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਅਨੁਸਾਰ ਕੁਝ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਸੁਭਾਸ਼ ਚੰਦਰ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋੲਏ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਮਿਤੀ 12 ਨਵੰਬਰ 2023 (ਦੀਵਾਲੀ ਵਾਲੇ ਦਿਨ) ਰਾਤ 8:00 ਤੋਂ 10:00 ਵਜੇ ਤੱਕ, (ਗੁਰਪੁਰਬ ਦੇ ਦਿਨ) ਸਵੇਰੇ 4:00 ਵਜੇ ਤੋਂ 5:00 ਵਜੇ ਤੱਕ ਅਤੇ ਰਾਤ 9:00 ਵਜੇ ਤੋਂ 10:00 ਵਜੇ ਤੱਕ, ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ ਦੀ ਰਾਤ ਨੂੰ 11:55 ਤੋਂ ਸਵੇਰੇ 12:30 ਵਜੇ ਤੱਕ ਦੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਤਿਸ਼ਬਾਜ਼ੀ ਚਲਾਉਣ/ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਸਾਈਲੈਂਸ ਜੋਨ ਜਿਵੇਂ ਕਿ ਸਰਕਾਰੀ ਦਫ਼ਤਰਾਂ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਏਰੀਆ ਜਿਹੜਾ ਕਿ ਸਮਰੱਥ ਅਧਿਕਾਰੀ ਵੱਲੋਂ ਸਾਈਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਵਿੱਚ ਆਤਿਸ਼ਬਾਜ਼ੀ/ਪਟਾਕਿਆਂ ਨੂੰ ਚਲਾਉਣ ’ਤੇ ਵੀ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਮੌਜੂਦਾ ਹਲਾਤ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇੱਕ ਤਰਫ਼ਾ ਪਾਸ ਕੀਤਾ ਗਿਆ ਹੈ ਅਤੇ ਇਹ ਹੁਕਮ ਮਿਤੀ 2 ਨਵੰਬਰ 2023 ਤੋਂ 31 ਦਸੰਬਰ 2023 ਤੱਕ ਲਾਗੂ ਹੋਵੇਗਾ।