ਬਠਿੰਡਾ, 1 ਨਵੰਬਰ 2023: ਇਮਾਨਦਾਰੀ ਤੇ ਬੇਈਮਾਨੀ ਦੇ ਫ਼ਰਕ ਨੂੰ ਸਮਝ ਕੇ ਹੀ ਭ੍ਰਿਸ਼ਟਾਚਾਰ ਰੂਪੀ ਕੋੜ੍ਹ ਨੂੰ ਨੱਥ ਪਾਈ ਜਾ ਸਕਦੀ ਹੈ ਤੇ ਕਿਸੇ ਵੀ ਸੱਚੇ-ਸੁੱਚੇ ਇਨਸਾਨ ਨੂੰ ਕਦੇ ਕਿਸੇ ਦੀ ਨਜ਼ਾਇਜ਼ ਹਮਾਇਤ ਦੀ ਲੋੜ ਨਹੀਂ ਹੁੰਦੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਵਿਜੀਲੈਂਸ ਵਿਭਾਗ ਵਲੋਂ ਮਨਾਏ ਜਾ ਰਹੇ ਸਲਾਨਾ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ ਦੌਰਾਨ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨ ਉਪਰੰਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਪਣੀ ਜਨਮ ਭੂਮੀ ਕਸ਼ਮੀਰ ਦੀ ਪੜ੍ਹਾਈ ਦੀਆਂ ਯਾਦਾਂ ਤੇ ਪੰਜਾਬ ਵਿਚਲੀ ਆਪਣੀ ਹੁਣ ਤੱਕ ਦੀ ਸਰਵਿਸ ਦੇ ਵਿਦਿਆਰਥੀਆਂ ਨਾਲ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਇਮਾਨਦਾਰੀ ਦੇ ਗੁਣਾਂ ਤੇ ਬੇਈਮਾਨੀ ਦੇ ਐਬਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਹੀ ਅਸੀਂ ਜਿੰਦਗੀ ਵਿੱਚ ਅੱਗੇ ਵਧ ਸਕਦੇ ਹਾਂ ਦੇਸ਼ ਤਰੱਕੀ ਕਰ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਅੰਤਰ ਆਤਮਾਂ ਦੀ ਆਵਾਜ਼ ਸੁਨਣ ਤੇ ਪਹਿਚਾਨਣ ਦਾ ਵੀ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਵਿਜੀਲੈਂਸ ਬਠਿੰਡਾ ਰੇਂਜ ਦੇ ਐਸ.ਐਸ.ਪੀ ਸ. ਹਰਪਾਲ ਸਿੰਘ ਨੇ ਮਨਾਏ ਜਾ ਰਹੇ ਭ੍ਰਿਸ਼ਟਾਚਾਰ ਵਿਰੋਧੀ ਸਪਤਾਹ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟਾਲਰੈਂਸ ਤਹਿਤ ਅਪਣਾਈ ਜਾ ਰਹੀ ਨੀਤੀ ਅਧੀਨ ਵਿਜੀਲੈਂਸ ਵਿਭਾਗ ਵਲੋਂ ਭ੍ਰਿਸ਼ਟਾਚਾਰ ਖਿਲਾਫ਼ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਲੋਂ ਕਦੇ ਵੀ ਕੋਈ ਵਿਅਕਤੀ, ਰੁਤਬਾ ਅਤੇ ਰਾਜਨੀਤਿਕ ਪਾਰਟੀ ਨੂੰ ਨਹੀਂ ਦੇਖਿਆ ਜਾਂਦਾ ਸਗੋਂ ਭ੍ਰਿਸ਼ਟਾਚਾਰ ਨੂੰ ਦੇਖਿਆ ਜਾਂਦਾ ਹੈ ਉਹ ਭਾਵੇਂ 1 ਕਰੋੜ ਦਾ ਹੋਵੇ ਚਾਹੇ 1 ਰੁਪਏ ਦਾ।
ਉਨ੍ਹਾਂ ਖਾਸ ਤੌਰ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ਼ ਚਲਾਈ ਮੁਹਿੰਮ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਹਾਈ ਸਿੱਧ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਡੀਐਸਪੀ ਵਿਜੀਲੈਂਸ ਸ. ਕੁਲਵੰਤ ਸਿੰਘ ਅਤੇ ਸੇਵਾ ਮੁਕਤ ਇਸਪੈਕਟਰ ਸ. ਸ਼ਮਸ਼ੇਰ ਸਿੰਘ ਵਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਆਪਣੇ ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ।
ਸੈਮੀਨਾਰ ਦੇ ਅਖੀਰ ਵਿੱਚ ਸਰਕਾਰੀ ਰਜਿੰਦਰਾ ਕਾਲਜ ਦੀ ਪ੍ਰਿੰਸੀਪਲ ਡਾ. ਜਯੋਤਸਨਾ ਵਲੋਂ ਪਹੁੰਚੀਆਂ ਸਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਮਾਜ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।