ਅੰਮ੍ਰਿਤਸਰ, 27 ਅਕਤੂਬਰ 2023 – ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤਲਬੀਰ ਸਿੰਘ ਗਿੱਲ ਨੂੰ ਮਨਾਉਣ ਵਾਸਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਉਹਨਾਂ ਦੇ ਘਰ ਪਹੁੰਚੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਪ੍ਰੋਫੈਸਰ ਬਲਵਿੰਦਰ ਕੌਰ ਦੀ ਮੌਤ ਤੋਂ ਬਾਅਦ ਉਸਦੇ ਸੁਸਾਈਡ ਨੋਟ ਵਿੱਚ ਹਰਜੋਤ ਬੈਂਸ ਦਾ ਨਾਮ ਲਿਖਿਆ ਹੈ ਇਥੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਕਿੱਡੇ ਝੂਠੇ ਵਾਅਦੇ ਕਰਦੀ ਹੈ ਉਹਨਾਂ ਨੇ ਕਿਹਾ ਕਿ ਬਲਵਿੰਦਰ ਕੌਰ ਦੇ ਬੇਟੇ ਨੂੰ ਨੌਕਰੀ ਦੇਣ ਦਾ ਲੈਟਰ ਦੇਣਾ ਵੀ ਸਰਕਾਰ ਵੱਲੋਂ ਬਲਵਿੰਦਰ ਕੌਰ ਦੇ ਪਰਿਵਾਰ ਨਾਲ ਧੋਖਾ ਕੀਤਾ ਜਾ ਰਿਹਾ ਕਿਉਂਕਿ ਨਾ ਤਾਂ ਉਸ ਲੈਟਰ ਤੇ ਕਿਸੇ ਵਿਅਕਤੀ ਦੇ ਦਸਤਕ ਹਨ ਅਤੇ ਨਾ ਹੀ ਕੋਈ ਸਰਕਾਰ ਦੀ ਮੋਹਰ ਉਸ ਉਪਰ ਲੱਗੀ ਹੈ ਅਤੇ ਸਰਕਾਰ ਬਲਵਿੰਦਰ ਕੌਰ ਦੇ ਪਰਿਵਾਰ ਨਾਲ ਧੋਖਾ ਕਰ ਰਹੀ ਹੈ ਜੋ ਕਿ ਅਸੀਂ ਕਦੇ ਵੀ ਨਹੀਂ ਕਰਨ ਦਵਾਂਗੇ।
ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਨੇ 2015 ਦੀ ਇੱਕ ਪੋਸਟ ਸ਼ੇਅਰ ਕੀਤੀ ਤਾਂ ਬੁਖਲਾਹਟ ਵਿੱਚ ਆਪ ਸਰਕਾਰ ਨੇ ਅਕਾਲੀ ਦਲ ਦੇ ਨੇਤਾ ਬੰਟੀ ਰੋਮਾਣਾ ਨੂੰ ਜੇਲ ਭੇਜ ਦਿੱਤਾ ਜੋ ਕਿ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਅਗਰ ਪੋਸਟ ਸ਼ੇਅਰ ਕਰਨ ਦੇ ਨਾਲ ਪੰਜਾਬ ਸਰਕਾਰ ਅਕਾਲੀ ਨੇਤਾਵਾਂ ਨੂੰ ਜੇਲ੍ਹ ‘ਚ ਭੇਜੇਗੀ ਤਾਂ ਫਿਰ ਅਕਾਲੀ ਨੇਤਾਵਾਂ ਤੋਂ ਇਲਾਵਾ ਅਕਾਲੀ ਦਲ ਦਾ ਹਰ ਇੱਕ ਵਰਕਰ ਵੀ ਪੰਜਾਬ ਸਰਕਾਰ ਦੇ ਖਿਲਾਫ ਪੋਸਟ ਸ਼ੇਅਰ ਕਰੇਗਾ।
ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਸ਼ਰਾਬੀ ਹਾਲਾਤ ਵਿੱਚ ਹੁੰਦੇ ਹਨ ਤਾਂ ਉਸ ਸਮੇਂ ਉਹ ਆਪਣੇ ਖਿਲਾਫ ਕੋਈ ਵੀ ਪੋਸਟ ਨਹੀਂ ਦੇਖ ਸਕਦੇ, ਜਿਸ ਕਰਕੇ ਉਹਨਾਂ ਨੇ ਬੰਟੀ ਰੋਮਾਣਾ ਨੂੰ ਜੇਲ ਭੇਜਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ਅਸਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੈ ਅਤੇ ਭਗਵੰਤ ਸਿੰਘ ਮਾਨ ਸਿਰਫ ਇੱਕ ਨਕਲੀ ਮੁੱਖ ਮੰਤਰੀ ਹੈ ਜੋ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲਦਾ ਹੈ।