ਮੋਹਾਲੀ, 6 ਅਕਤੂਬਰ 2021 – ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਵਿੱਚ ਦੇਰੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਨ੍ਹਾਂ ਕਾਰਜਾਂ ਦੀ ਸਮਾਂਬੱਧ ਸਮੀਖਿਆ ਕੀਤੀ ਜਾਵੇਗੀ।
ਇੱਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਕੰਮਾਂ ਦੀ ਪ੍ਰਗਤੀ ਸਬੰਧੀ ਮੀਟਿੰਗ ਦੌਰਾਨ ਸ. ਸਿੱਧੂ ਨੇ ਨਿਰਦੇਸ਼ ਦਿੱਤਾ ਕਿ ਅਧਿਕਾਰੀ ਇਨ੍ਹਾਂ ਵਿਕਾਸ ਕਾਰਜਾਂ ਦੀ ਗੁਣਵੱਤਾ ਯਕੀਨੀ ਬਣਾਉਣ ਤਾਂ ਜੋ ਲੋਕਾਂ ਨੂੰ ਇਨ੍ਹਾਂ ਕਾਰਜਾਂ ਦਾ ਵੱਧ ਤੋਂ ਵੱਧ ਫਾਇਦਾ ਮਿਲ ਸਕੇ। ਉਨ੍ਹਾਂ ਖ਼ਾਸ ਤੌਰ ਉਤੇ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਸੜਕਾਂ ਦੇ ਕੰਮਾਂ ਵਿੱਚ ਕਿਸੇ ਕਿਸਮ ਦਾ ਗੁਣਵੱਤਾ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇ ਕੋਈ ਠੇਕੇਦਾਰ ਜਾਂ ਅਧਿਕਾਰੀ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਐਕਸ਼ਨ ਲੈਣ ਲਈ ਲਿਖਿਆ ਜਾਵੇਗਾ।
ਵਿਧਾਇਕ ਨੇ ਆਖਿਆ ਕਿ ਪਿੰਡਾਂ ਵਿੱਚ ਫਿਰਨੀਆਂ ਨੂੰ ਪੱਕਾ ਕਰਨ, ਗੰਦੇ ਪਾਣੀ ਦੀ ਨਿਕਾਸੀ, ਧਰਮਸ਼ਾਲਾਵਾਂ ਤੇ ਕਮਿਊਨਿਟੀ ਸੈਂਟਰਾਂ ਦੇ ਨਿਰਮਾਣ ਕਾਰਜ ਚੱਲ ਰਹੇ ਹਨ, ਜਿਨ੍ਹਾਂ ਨੂੰ ਛੇਤੀ ਮੁਕੰਮਲ ਕੀਤਾ ਜਾਵੇ ਅਤੇ ਇਨ੍ਹਾਂ ਵਿੱਚ ਕੁਆਲਟੀ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਆਪਣੇ ਅਖਤਿਆਰੀ ਫੰਡ ਵਿੱਚ ਬਹੁਤ ਗਰਾਂਟਾਂ ਦਿੱਤੀਆਂ ਹਨ, ਜਿਨ੍ਹਾਂ ਨਾਲ ਵਿਕਾਸ ਕਾਰਜ ਜੰਗੀ ਪੱਧਰ ਉਤੇ ਚੱਲ ਰਹੇ ਹਨ। ਇਨ੍ਹਾਂ ਕਾਰਜਾਂ ਦੀ ਗਤੀ ਇਸੇ ਤਰ੍ਹਾਂ ਚਲਦੀ ਰਹੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਸੇ ਪਿੰਡ ਵਿੱਚ ਕੋਈ ਕੰਮ ਹੋਣ ਵਾਲਾ ਰਹਿੰਦਾ ਹੈ ਤਾਂ ਉਸ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਮਨਰੇਗਾ ਦੀ ਲੰਬਿਤ ਅਦਾਇਗੀ ਨੂੰ ਛੇਤੀ ਕਰਵਾਉਣ ਲਈ ਸਖ਼ਤ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਬਿਜਲੀ ਦੀਆਂ ਤਾਰਾਂ ਦਾ ਢਾਂਚਾ ਦਰੁਸਤ ਕਰਨ ਲਈ ਵੀ ਕਿਹਾ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਸ.ਡੀ.ਐਮ. ਮੋਹਾਲੀ ਹਰਬੰਸ ਸਿੰਘ, ਜ਼ਿਲ੍ਹਾ ਵਿਕਾਸ ਅਫ਼ਸਰ ਸੁਖਚੈਨ ਸਿੰਘ ਪਾਪੜਾ, ਬੀ.ਡੀ.ਪੀ.ਓ. ਹਿਤੇਨ ਕਪਿਲਾ, ਐਕਸੀਅਨ ਪੀਐਸਪੀਸੀਐਲ ਗੁਰਪ੍ਰੀਤ ਸਿੰਘ ਸੰਧੂ, ਐਕਸੀਅਨ ਪਬਲਿਕ ਹੈਲਥ ਮਾਈਕਲ, ਐਕਸੀਅਨ ਵਾਟਰ ਸਪਲਾਈ ਮੋਹਾਲੀ ਸੁਨੀਲ ਕੰਬੋਜ, ਐਕਸੀਅਨ ਬੀ.ਐਂਡ.ਆਰ. ਰਾਜਪ੍ਰੀਤ ਸਿੰਘ ਸਿੱਧੂ, ਐਸ.ਡੀ.ਓ. ਪੰਚਾਇਤੀ ਰਾਜ ਗੁਰਮੀਤ ਸਿੰਘ, ਅਸਿਸਟੈਂਟ ਲੇਬਰ ਕਮਿਸ਼ਨਰ ਜੇ.ਪੀ. ਸਿੰਘ, ਕੁਲਵੰਤ ਸਿੰਘ ਸਾਬਕਾ ਸਰਪੰਚ ਬਰਿਆਲੀ, ਸੁਖਵਿੰਦਰ ਸਿੰਘ ਸਰਪੰਚ ਮਿੱਢੇਮਾਜਰਾ, ਤਰਸੇਮ ਸਿੰਘ ਸਰਪੰਚ ਗੀਗੇਮਾਜਰਾ, ਚੌਧਰੀ ਰਾਮਈਸ਼ਵਰ ਸਰਪੰਚ ਗੋਬਿੰਦਗੜ੍ਹ ਅਤੇ ਲਖਮੀਰ ਸਿੰਘ ਕਾਲਾ ਸਰਪੰਚ ਪੱਤੋਂ ਹਾਜ਼ਰ ਸਨ।