ਗਲਾਸਗੋ, 18 ਅਕਤੂਬਰ, 2023: ਸਕਾਟਲੈਂਡ ਦੇ ਫਸਟ ਮਨਿਸਟਰ ਹਮਜ਼ਾ ਯੂਸਫ ਨੇ ਗਾਜ਼ਾ ਦੇ ਲੋਕਾਂ ਦੇ ਦੁੱਖ ’ਚ ਸ਼ਰੀਕ ਹੁੰਦਿਆਂ ਸਭ ਤੋਂ ਪਹਿਲਾਂ ਬਾਂਹ ਫੜ੍ਹਨ ਦੀ ਹਾਮੀ ਭਰੀ ਹੈ।
ਉਹਨਾਂ ਕਿਹਾ ਹੈ ਕਿ ਜੇਕਰ ਯੂਕੇ ਸਰਕਾਰ ਗਾਜ਼ਾ ਦੇ ਲੋਕਾਂ ਦੇ ਮੁੜ ਵਸੇਬੇ ਲਈ ਕੋਈ ਸਕੀਮ ਤਿਆਰ ਕਰਦੀ ਹੈ ਤਾਂ ਸਕਾਟਲੈਂਡ ਦੇਸ਼ ਵਿੱਚੋਂ ਸਭ ਤੋਂ ਪਹਿਲਾਂ ਅਤੇ ਅੱਗੇ ਹੋ ਕੇ ਸ਼ਰਨਾਰਥੀਆਂ ਦਾ ਸਾਥੀ ਬਣੇਗਾ।
ਫਸਟ ਮਨਿਸਟਰ ਨੇ ਦਾਅਵਾ ਕੀਤਾ ਕਿ ਜੇਕਰ ਜੰਗ ਖੇਤਰ ਵਿੱਚ ਆਮ ਲੋਕਾਂ ਨੂੰ ਇਲਾਜ ਲਈ ਸਕਾਟਲੈਂਡ ਲਿਆਂਦਾ ਜਾਂਦਾ ਹੈ ਤਾਂ ਸਕਾਟਲੈਂਡ ਦੇ ਹਸਪਤਾਲਾਂ ਦੇ ਦਰਵਾਜ਼ੇ ਉਹਨਾਂ ਲਈ ਖੁੱਲ੍ਹੇ ਹਨ।
ਫਸਟ ਮਨਿਸਟਰ ਨੇ ਗਾਜ਼ਾ ਦੇ ਹਸਪਤਾਲ ਦੇ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਆਪਣੇ ਰਿਸ਼ਤੇਦਾਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਹ ਅਕਸਰ ਹੀ ਉਥੋਂ ਦੇ ਹਾਲਾਤਾਂ ਬਾਰੇ ਜਾਣੂੰ ਕਰਵਾਉਂਦੇ ਰਹਿੰਦੇ ਹਨ ਕਿ ਕਿਵੇਂ ਹਸਪਤਾਲਾਂ ਵਿੱਚ ਦਵਾਈਆਂ ਦੀ ਕਿੱਲਤ ਚੱਲ ਰਹੀ ਹੈ। ਉਹਨਾਂ ਕਿਹਾ ਕਿ ਕਿਸਦਾ ਇਲਾਜ ਕਰਨਾ ਹੈ ਅਤੇ ਕਿਸਨੂੰ ਮਰਨ ਲਈ ਛੱਡ ਦੇਣਾ ਹੈ ਇਹ ਹਾਲਾਤ ਜਾਰੀ ਰੱਖਣੇ ਬਰਦਾਸ਼ਤਯੋਗ ਨਹੀਂ ਹਨ।
ਉਹਨਾਂ ਯੂਕੇ ਸਰਕਾਰ ਨੂੰ ਜਲਦੀ ਕੋਈ ਨਿੱਗਰ ਫੈਸਲਾ ਲੈਣ ਦੀ ਬੇਨਤੀ ਕਰਦਿਆਂ ਸਕਾਟਲੈਂਡ ਵੱਲੋਂ ਹਰ ਸੰਭਵ ਸਾਥ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕਿ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਸਰਕਾਰ ਨੂੰ ਜਲਦ ਤੋਂ ਜਲਦ ਸਕੀਮ ਤਿਆਰ ਕਰਨ ਬਾਰੇ ਕੰਮ ਕਰਨਾ ਚਾਹੀਦਾ ਹੈ । ਜਦੋਂ ਹੀ ਸਰਕਾਰ ਅਜਿਹਾ ਕਰਦੀ ਹੈ ਤਾਂ ਯੂਕੇ ਭਰ ਵਿੱਚ ਸਕਾਟਲੈਂਡ ਸਭ ਤੋਂ ਮੂਹਰੇ ਹੋ ਕੇ ਪੀੜਤਾਂ ਦੀ ਬਾਂਹ ਫੜੇਗਾ।
ਉਹਨਾਂ ਕਿਹਾ ਕਿ ਅਸੀਂ ਸਪੱਸਟ ਹਾਂ ਕਿ ਫਲਸਤੀਨੀਆਂ ਵਾਂਗ ਹੀ ਇਜਰਾਈਲ ਦੇ ਲੋਕਾਂ ਦੀ ਵੀ ਜਾਨ ਓਨੀ ਹੀ ਕੀਮਤੀ ਹੈ, ਹਮਾਸ ਦੀਆਂ ਕਰਵਾਈਆਂ ਦੀ ਸਮੁੱਚੇ ਵਿਸ਼ਵ ਨੂੰ ਨਿੰਦਿਆ ਕਰਨੀ ਚਾਹੀਦੀ ਹੈ।
ਆਉਣ ਵਾਲੇ ਦਿਨਾਂ ਵਿੱਚ ਯੂਕੇ ਸਰਕਾਰ ਕੀ ਕਦਮ ਚੁੱਕਦੀ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਕਾਟਲੈਂਡ ਵੱਲੋਂ ਹਾਅ ਦਾ ਨਾਅਰਾ ਮਾਰ ਕੇ ਆਪਣਾ ਫਰਜ਼ ਜ਼ਰੂਰ ਪੂਰਾ ਕਰ ਦਿੱਤਾ ਗਿਆ ਹੈ।