ਬਠਿੰਡਾ, 13 ਅਕਤੂਬਰ 2023: ਬਠਿੰਡਾ ਜ਼ਿਲ੍ਹੇ ਦੀਆਂ ਅੱਧੀ ਦਰਜਨ ਧੀਆਂ ਇੱਕੋ ਦਿਨ ਵਿੱਚ ਜੱਜ ਬਣ ਗਈਆਂ ਹਨ।ਵਕਤ ਨਾਲ ਬਦਲੇ ਦਿਨਾਂ ਦੀ ਗੱਲ ਹੈ ਜੋ ਇਨ੍ਹਾਂ ਕੁੜੀਆਂ ਨੇ ਤੋਰੀ ਹੈ। ਹੁਣ ਇਹ ਧੀਆਂ ਇਨਸਾਫ ਦੀ ਕੁਰਸੀ ਤੇ ਬੈਠ ਕੇ ਲੋਕਾਂ ਨੂੰ ਨਿਆਂ ਦੇਣਗੀਆਂ। ਜੱਜ ਦੀ ਕੁਰਸੀ ਤੇ ਬਿਰਾਜਮਾਨ ਹੋਣ ਜਾ ਰਹੀਆਂ ਇਨ੍ਹਾਂ ਕੁੜੀਆਂ ਨੂੰ ਮਾਪਿਆਂ ਨੇ ਸਿਰ ਪਲੋਸ ਕੇ ਸ਼ਾਬਾਸ਼ ਦਿੱਤੀ ਅਤੇ ਇਸ ਕਾਮਯਾਬੀ ਲਈ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਹੈ। ਇਨ੍ਹਾਂ ਬੱਚੀਆਂ ਨੇ ਆਪਣੇ ਦਮ ਤੇ ਸਫ਼ਲਤਾ ਹਾਸਿਲ ਕਰਕੇ ਹੋਰਨਾ ਕੁੜੀਆਂ ਲਈ ਦੇਸ਼ ਸੇਵਾ ਅਤੇ ਰੁਜ਼ਗਾਰ ਦਾ ਇੱਕ ਨਵਾਂ ਮਾਡਲ ਪੇਸ਼ ਕੀਤਾ ਹੈ। ਅੱਜ ਪੂਰਾ ਦਿਨ ਇਨ੍ਹਾਂ ਬੱਚੀਆਂ ਦੇ ਘਰਾਂ ਵਿੱਚ ਵਧਾਈਆਂ ਦੇਣ ਵਾਲਿਆਂ ਨੇ ਵਹੀਰਾਂ ਘੱਤੀ ਰੱਖੀਆਂ ਅਤੇ ਮਾਪਿਆਂ ਨੇ ਵੀ ਇਸ ਮੋਹ ਦੀ ਤਾਂਘ ਦਾ ਮੁੱਲ ਮੂੰਹ ਮਿੱਠਾ ਕਰਵਾ ਕੇ ਮੋੜਿਆ।
ਬਠਿੰਡਾ ਸ਼ਹਿਰ ਦੇ ਨਛੱਤਰ ਨਗਰ ਦੇ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਭੁਪਿੰਦਰ ਸਿੰਘ ਗਿੱਲ ਦੀ ਇਕਲੌਤੀ ਲੜਕੀ ਹਰਜੋਬਨ ਕੌਰ ਗਿੱਲ ਨੇ ਤਾਂ ਪਹਿਲੀ ਬਾਲ ਵਿੱਚ ਹੀ ਛੱਕਾ ਮਾਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮਾਪਿਆਂ ਵੱਲੋਂ ਦਿੱਤੀ ਪ੍ਰੇਰਨਾ ਨੂੰ ਆਪਣਾ ਨਿਸ਼ਾਨਾ ਮੰਨਦਿਆਂ ਹਰਜੋਬਨ ਕੌਰ ਨੇ ਜੁਡੀਸ਼ੀਅਲ ਸਰਵਿਸ ਲਈ ਪਹਿਲੀ ਕੋਸ਼ਿਸ਼ ਕੀਤੀ ਜਿਸ ‘ਚ ਉਹ ਸਫਲ ਰਹੀ ਹੈ। ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਤੇ ਮਾਣ ਹੈ। ਹਰਜੋਬਨ ਦੱਸਦੀ ਹੈ ਕਿ ਉਸਨੇ 11ਵੀਂ ਵਿੱਚ ਹੀ ਕਾਨੂੰਨ ਦੀਆਂ ਤਕਸੀਮਾਂ ਜਰਬਾਂ ਰਾਹੀਂ ਆਪਣਾ ਕੈਰੀਅਰ ਬਣਾਉਣ ਦਾ ਫ਼ੈਸਲਾ ਲਿਆ ਸੀ।ਸ਼ਹਿਰ ਦੇ ਨਾਮੀ ਸੇਂਟ ਜੋਸਫ ਸਕੂਲ ਚੋਂ 10ਵੀਂ ਕਰਨ ਵਾਲੀ ਹਰਜੋਬਨ ਨੇ 12ਵੀਂ ਤੋਂ ਪਿੱਛੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਸਕੂਲ ਆਫ਼ ਲਾਅ ਵਿੱਚ ਟਾਪ ਕੀਤਾ ਸੀ।
ਇਸ ਸਫਲਤਾ ਪਿੱਛੇ ਰੌਚਕ ਪਹਿਲੂ ਇਹ ਵੀ ਹੈ ਕਿ ਜਿੱਥੇ ਆਮ ਤੌਰ ਤੇ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਗੱਲ ਕਰਦੇ ਹਨ ਪਰ ਇਸ ਦੇ ਉਲਟ ਹਰਜੋਬਨ ਕੌਰ ਨੇ ਪੜ੍ਹਾਈ ਤੋਂ ਪੈਦਾ ਹੁੰਦੇ ਆਪਣੇ ਤਣਾਅ ਨੂੰ ਦੂਰ ਕਰਨ ਲਈ ਸਮੇਂ ਸਮੇਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਵੀ ਕੀਤੀ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਕੇਂਦਰ ਦੀ ਸੀਨੀਅਰ ਸਹਾਇਕ ਵੀਰਪਾਲ ਕੌਰ ਦਾ ਕਹਿਣਾ ਸੀ ਕਿ ਉਸ ਨੇ ਹਰਜੋਬਨ ਨੂੰ ਕਦੇ ਆਪਣੀ ਪੜ੍ਹਾਈ ਨਾਲ ਸਮਝੌਤਾ ਕਰਦਿਆਂ ਨਹੀਂ ਦੇਖਿਆ ਹੈ। ਅੱਜ ਇਹ ਪਰਿਵਾਰ ਗੁਰੂ ਘਰ ਵਿੱਚ ਨਤਮਸਤਕ ਹੋਇਆ ਅਤੇ ਆਪਣੀ ਬੱਚੀ ਦੇ ਸੁਨਹਿਰੇ ਭਵਿੱਖ ਅਤੇ ਨਿਆ ਦੀ ਤੱਕੜੀ ਤੇ ਖਰਾ ਉਤਰਨ ਲਈ ਦੁਆ ਮੰਗੀ ਹੈ।ਹਰਜੋਬਨ ਆਖਦੀ ਹੈ ਕਿ ਇਨਸਾਫ ਦੇ ਮੰਦਰ ਵਿੱਚੋਂ ਉਹ ਕਿਸੇ ਨੂੰ ਨਿਰਾਸ਼ ਨਹੀਂ ਜਾਣ ਦੇਵੇਗੀ।