ਬਠਿੰਡਾ,12 ਅਕਤੂਬਰ 2023: ਕਾਲਜ਼ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਨੇ “ਬੈਕਟੀਰੀਅਲ ਇਨਫੈਕਸ਼ਨਾਂ ਦੇ ਨਿਯੰਤਰਣ ਲਈ ਐਂਟੀਬਾਇਓਟਿਕਸ ਦੇ ਵਿਕਲਪ” ਵਿਸ਼ੇ ‘ਤੇ ਤਿੰਨ ਦਿਨਾਂ ਆਨਲਾਈਨ ਲੈਕਚਰ ਕਰਵਾਏ ਜਿਨਾਂ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਮਾਹਿਰਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਪਹਿਲੇ ਦਿਨ, ਡਾ. ਬਲਜਿੰਦਰ ਕੁਮਾਰ ਬਾਂਸਲ, ਕਾਲਜ ਦੇ ਡੀਨ ਅਤੇ ਲੈਕਚਰ ਲੜੀ ਦੇ ਕੋਰਸ ਡਾਇਰੈਕਟਰ ਨੇ ਇਸ ਵਿਸ਼ੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਜ਼ੁੰਜਰ ਦੁਬਲ, ਪ੍ਰਮੁੱਖ ਵਿਗਿਆਨੀ ਨੇ “ਐਂਟੀਬਾਇਓਟਿਕਸ ਦਾ ਪ੍ਰਤੀਰੋਧ: ਸਥਿਤੀ ਅਤੇ ਮਹੱਤਵ” ਵਿਸ਼ੇ ਤੇ ਭਾਸ਼ਣ ਦਿੱਤਾ ਅਤੇ ਡਾ: ਸਮੀਰਨ ਬੰਦੋਪਾਧਿਆਏ ਨੇ “ਐਂਟੀਬਾਇਓਟਿਕ ਪ੍ਰਤੀਰੋਧ ਦਾ ਪਤਾ ਲਗਾਉਣ ਲਈ ਤਕਨੀਕਾਂ ਬਾਰੇ ਅੱਪਡੇਟ” ਉੱਤੇ ਚਾਨਣਾ ਪਾਇਆ। ਦੂਜੇ ਦਿਨ, ਡਾ. ਅੰਜੇ, ਵੈਟਰਨਰੀ ਪਬਲਿਕ ਹੈਲਥ ਅਤੇ ਐਪੀਡੈਮਿਓਲੋਜੀ ਵਿਭਾਗ, ਬਿਹਾਰ ਵੈਟਰਨਰੀ ਕਾਲਜ, ਪਟਨਾ ਵਿੱਚ ਐਸੋਸੀਏਟ ਪ੍ਰੋਫੈਸਰ ਨੇ “ਐਂਟੀਬਾਇਓਟਿਕ ਪ੍ਰਤੀਰੋਧ ਨਾਲ ਨਜਿੱਠਣ ਲਈ ਬੈਕਟੀਰੀਓਫੇਜ ਦੀ ਵਰਤੋਂ” ਅਤੇ ਡਾ. ਜੇਸ ਵਰਗਿਸ, ਸਹਾਇਕ ਪ੍ਰੋਫੈਸਰ, ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਕੇਰਲ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪੁਕੋਡੇ ਦੇ ਵੈਟਰਨਰੀ ਪਬਲਿਕ ਹੈਲਥ ਵਿਭਾਗ ਨੇ “ਐਂਟੀਬਾਇਓਟਿਕ ਪ੍ਰਤੀਰੋਧ ਦੇ ਨਿਯੰਤਰਣ ਵਿੱਚ ਪ੍ਰੋਬਾਇਓਟਿਕਸ ਦੀ ਵਰਤੋਂ” ਬਾਰੇ ਗੱਲ ਕੀਤੀ।
ਲੈਕਚਰ ਲੜੀ ਦੇ ਤੀਜੇ ਦਿਨ, ਡਾ. ਦੀਪਕ ਰਾਵੂਲ, ਪ੍ਰਮੁੱਖ ਵਿਗਿਆਨੀ, ਆਈ.ਸੀ.ਏ.ਆਰ.-ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ, ਹੈਦਰਾਬਾਦ ਨੇ ਭਾਗੀਦਾਰਾਂ ਨੂੰ “ਐਂਟੀਬਾਇਓਟਿਕ ਪ੍ਰਤੀਰੋਧ ਦੇ ਨਿਯੰਤਰਣ ਵਿੱਚ ਰੋਗਾਣੂਨਾਸ਼ਕ ਪੈਪਟਾਇਡਸ ਦੀ ਵਰਤੋਂ ਦੀ ਸਥਿਤੀ” ਅਤੇ ਡਾ. ਜੀ.ਐਸ. ਰਾਓ, ਪ੍ਰੋਫੈਸਰ ਅਤੇ ਮੁਖੀ, ਵੈਟਰਨਰੀ ਫਾਰਮਾਕੋਲੋਜੀ ਅਤੇ ਟੌਕਸੀਕੋਲੋਜੀ ਵਿਭਾਗ, ਐਨਟੀਆਰ ਕਾਲਜ ਆਫ਼ ਵੈਟਰਨਰੀ ਸਾਇੰਸਜ਼, ਗੰਨਾਵਰਮ, ਆਂਧਰਾ ਪ੍ਰਦੇਸ਼ ਨੇ “ਐਂਟੀਬਾਇਓਟਿਕ ਪ੍ਰਤੀਰੋਧ ਦੇ ਨਿਯੰਤਰਣ ਵਿੱਚ ਫਾਈਟੋਕੈਮੀਕਲ ਦੀ ਵਰਤੋਂ ਦੀ ਸਥਿਤੀ” ਬਾਰੇ ਗੱਲ ਕੀਤੀ।