ਸਰੀ, 11 ਅਕਤੂਬਰ, 2023: ਕੌਮਾਂਤਰੀ ਪੱਧਰ ’ਤੇ ਸਰੀ ‘ਚ ਚੱਲ ਰਹੀ ਦੋ ਰੋਜ਼ਾ ਪੰਜਾਬੀ ਕਾਨਫਰੰਸ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਿਰਮੌਰ ਰੁਤਬੇ ਨੂੰ ਬਰਕਰਾਰ ਰੱਖਣ, ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਤੇ ਇਸ ਪਾਸੇ ਨਵੀਆਂ ਯੋਜਨਾਵਾਂ ਉਲੀਕਦੀ, ਨਵੀਂ ਪੀੜੀ ਨੂੰ ਆਪਣੇ ਅਮੀਰ ਤੇ ਗੌਰਵਮਈ ਵਿਰਸੇ ਨਾਲ ਜੁੜੇ ਰਹਿਣ ਅਤੇ ਪੰਜਾਬ ਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀ ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਦੇ ਸੱਦਾ ਦਿੰਦੀ ਅਤੇ ਮਹਿਲਾਵਾਂ ਦੀ ਬਰਾਬਰਤਾ ਦੀ ਗੱਲ ਕਰਦੀ ਅਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨੂੰ ਆਪਣੇ ਵਤਨ, ਪਿੰਡਾਂ ਤੇ ਸਹਿਰਾਂ ਤੇ ਭਾਈਚਾਰੇ ਦਾ ਸੁਨੇਹਾ ਦੇਣ ਸਮੇਤ ਦੋਵਾਂ ਪੰਜਾਬਾਂ ਦੀ ਆਪਸੀ ਸਾਂਝ ਤੇ ਸਰਹੱਦਾਂ ਉਪਰ ਸ਼ਾਂਤੀ ਤੇ ਦੁਨੀਆਂ ਭਰ ਦੀ ਲੋਕਾਈ ਦੀ ਭਲਾਈ ਦਾ ਸੁਨੇਹਾ ਦਿੰਦੀ ਜਿਥੇ ਯਾਦਗਾਰੀ ਹੋ ਨਿੱਬੜੀ, ਉਥੇ ਅਗਲੇ ਸਾਲ ਮਿਲਣ ਦਾ ਵਾਅਦਾ ਕਰਦੀ ਸਮਾਪਤ ਹੋ ਗਈ l
ਪੰਜਾਬ ਭਵਨ ਵਲੋਂ ਇਥੋਂ ਦੀ ਤਾਜ ਪਾਰਕ ਵਿਚ ਕਰਵਾਈ ਗਈ ਇਸ ਪੰਜਵੀਂ ਕਾਨਫਰੰਸ ‘ਚ ਪੰਜਾਬ ਸਮੇਤ ਦੁਨੀਆਂ ਭਰ ‘ਚੋਂ ਬੁੱਧੀਜੀਵੀਆਂ, ਸਾਹਿਤਕਾਰਾਂ ਤੇ ਪੰਜਾਬੀ ਪ੍ਰੇਮੀ ਸਰੋਤਿਆਂ ਨੇ ਹਾਜ਼ਰੀ ਭਰੀ l ਇਸ ਕਾਨਫਰੰਸ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ. ਸੀ. ਡਾ. ਐਸ. ਪੀ. ਸਿੰਘ, ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉੱਲਾ, ਡਾ. ਬੀ. ਐਸ. ਘੁੰਮਣ, ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਸਾਧੂ ਸਿੰਘ, ਡਾ. ਗੋਪਾਲ ਸਿੰਘ, ਡਾ. ਬਬਨੀਤ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਵਿਸ਼ੇਸ ਤੌਰ ‘ਤੇ ਹਾਜ਼ਰ ਸਨ l
ਮੁੱਖ ਪ੍ਰਬੰਧਕ ਸੁੱਖੀ ਬਾਠ ਤੇ ਪੰਜਾਬ ਭਵਨ ਦੀ ਟੀਮ ਵਲੋਂ ਫੁੱਲਾਂ ਦੇ ਬੁੱਕੇ ਭੇਟ ਕਰਕੇ ਪੁੱਜੇ ਮਹਿਮਾਨਾਂ ਦੀ ਮਹਿਮਾਨ ਨਿਵਾਜੀ ਕੀਤੀ ਗਈ ਅਤੇ ਜੀ ਆਇਆਂ ਨੂੰ ਆਖਿਆ ਗਿਆ l ਇਸ ਦੋ ਰੋਜ਼ਾ ਕਾਨਫਰੰਸ ਦੌਰਾਨ ਪੰਜਾਬ ਤੋਂ ਪੁੱਜੇ ਪ੍ਰਸਿੱਧ ਚਿੰਤਕ ਪਾਲੀ ਭੁਪਿੰਦਰ ਨੇ ਵੱਖ -ਵੱਖ ਵਿਸਿਆਂ ‘ਤੇ ਆਪਣੇ ਪਰਚੇ ਪੜ੍ਹਦਿਆਂ ਪੰਜਾਬ ਤੇ ਪੰਜਾਬੀਆਂ ਨੂੰ ਵਿਕਾਸ ਤੇ ਤਰੱਕੀ ਵੱਲ ਵਧਣ ਦਾ ਸੁਨੇਹਾ ਦਿੱਤਾ l ਉਨ੍ਹਾਂ ਨਵੀਂ ਪੀੜੀ ਸਮੇਤ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿਣ ਦੇ ਨਾਲ -ਨਾਲ ਹਮੇਸ਼ਾ ਆਪਣੀ ਮਿੱਟੀ ਦਾ ਮੋਹ ਮਨਾ ‘ਚ ਬਣਾਈ ਰੱਖਣ ਦਾ ਸੱਦਾ ਦਿੱਤਾ l