ਫਰੀਦਕੋਟ, 27 ਜੂਨ 2020 – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਨੂੰ ਕੋਰੋਨਾ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਪਹਿਲੀ ਕਤਾਰ ਵਿਚ ਹੋ ਕੇ ਲੜਨ ਵਾਲੇ ਸਿਹਤ ਵਿਭਾਗ ਦੇ ਡਾਕਟਰਾਂ ,ਪੈਰਾ ਮੈਡੀਕਲ ਸਟਾਫ ,ਆਸ਼ਾ ਵਰਕਰਾਂ ਆਦਿ ਦੀ ਹੌਸਲਾ ਅਫ਼ਜਾਈ ਕਰਨ ਅਤੇ ਕੋਵਿੰਡ-19 ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ ਰਾਜਿੰਦਰ ਕੁਮਾਰ ਤੇ ਵਿਭਾਗ ਦੇ ਅਧਿਕਾਰੀਆਂ ,ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕੀ ਪੂਰੇ ਵਿਸ਼ਵ ਸਮੇਤ ਸਾਡੇ ਦੇਸ਼ ਅਤੇ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਜਾਰੀ ਹੈ ਅਤੇ ਇਸ ਮੁਸ਼ਕਿਲ ਦੀ ਘੜੀ ਵਿੱਚ ਬਾਕੀ ਵਿਭਾਗਾਂ ਵਾਂਗ ਸਿਹਤ ਵਿਭਾਗ ਦੇ ਡਾਕਟਰ ,ਪੈਰਾ ਮੈਡੀਕਲ ਸਟਾਫ਼ ,ਆਸ਼ਾ ਵਰਕਰਾਂ ਆਦਿ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਇਸ ਮਹਾਂਮਾਰੀ ਤੇ ਕਾਬੂ ਪਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਲੋਕਾਂ ਦੇ ਇਲਾਜ ਤੋਂ ਇਲਾਵਾ ਉਨ੍ਹਾਂ ਨੂੰ ਸਾਵਧਾਨੀਆਂ ਵਰਤਣ ਅਤੇ ਜਾਗਰੂਕ ਕਰਨ ਲਈ ਵੀ ਵੱਡੇ ਪੱਧਰ ਤੇ ਸਿਹਤ ਵਿਭਾਗ ਵੱਲੋਂ ਕਾਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਵਿਭਾਗ ਦੀ ਸਰਾਹਨਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਹੀ ਡਾਕਟਰ ਤੇ ਹੋਰ ਸਟਾਫ਼ ਕੋਰੋਨਾ ਮਾਂਹਾਂਮਾਰੀ ਵਿਰੁੱਧ ਪਹਿਲੀ ਕਤਾਰ ਵਿੱਚ ਲੜ ਰਹੇ ਹਨ ਅਤੇ ਕਰੋਨਾ ਯੋਧਿਆਂ ਵਜੋਂ ਕੰਮ ਕਰ ਰਹੇ ਹਨ ,ਜਿਨ੍ਹਾਂ ਤੇ ਸਾਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਹਿ ਤਹਿਤ ਸਾਰੇ ਵਿਭਾਗ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਸ ਮਹਾਂਮਾਰੀ ਤੇ ਫ਼ਤਿਹ ਪਾਉਣ ਵਿੱਚ ਕਾਮਯਾਬ ਹੋਵਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਸਿਹਤ ਵਿਭਾਗ ਤੇ ਸਰਕਾਰ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਜਿਵੇਂ ਕਿ ਵਾਰ ਵਾਰ ਹੱਥ ਧੋਣ ,ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਉਣ ਵਰਗੀਆਂ ਸਾਵਧਾਨੀਆਂ ਤੇ ਅਮਲ ਕਰਨ।
ਉਨ੍ਹਾ ਜ਼ਿਲ੍ਹੇ ਵਿੱਚ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ,ਕੋਰੋਨਾ ਸੈਂਪਲਿੰਗ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਉਨ੍ਹਾਂ ਸੈਂਪਲਿੰਗ ਅਤੇ ਜਾਗਰੂਕਤਾ ਸਰਗਰਮੀਆਂ ਤੇਜ ਕਰਨ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ।ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ ਤਹਿਤ ਪ੍ਰਾਪਤ ਹੋਏ ਬੈਜ ਫਰੰਟ ਲਾਈਨ ਤੇ ਸੇਵਾਵਾਂ ਨਿਭਾ ਰਹੇ ਯੋਧਿਆ ਨੂੰ ਲਗਾਏ ਜਾਣ ਤਾਂ ਜੋ ਉਹ ਇਸ ਮਿਸ਼ਨ ਦਾ ਸੁਨੇਹਾਂ ਘਰ-ਘਰ ਪਹੁੰਚਾ ਸਕਣ।
ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਵਿਭਾਗ ਦੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਵੱਲੋਂ ਤਨਦੇਹੀ ਨਾਲ ਸ਼ਾਨਦਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਜ਼ਿਲੇ ਦੀਆਂ ਸਿਹਤ ਸੰਸਥਾਵਾਂ ਬਾਜਾਖਾਨਾ,ਜੈਤੋ,ਕੋਟਕਪੂਰਾ,ਸਾਦਿਕ ਅਤੇ ਫਰੀਦਕੋਟ ਵਿਖੇ ਕੋਰੋਨਾ ਸੈਂਪਲ ਇਕੱਤਰ ਕਰਨ ਲਈ ਫਲੂ ਕਾਰਨਰ ਸਥਾਪਿਤ ਕੀਤੇ ਗਏ ਹਨ।ਕਿਸੇ ਵੀ ਐਂਮਰਜੈਂਸੀ ਲਈ ਸਿਹਤ ਸੰਸਥਾ ਬਾਜਾਖਾਨਾ ਅਤੇ ਸਾਦਿਕ ਵਿਖੇ ਵਿਸ਼ੇਸ਼ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਜਦਕਿ ਮਹਿਮੂਆਣਾ ਵਿਖੇ ਕੋਰੋਨਾ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ।ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕੋਵਿਡ ਦੇ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਘਰ-ਘਰ ਨਿਗਰਾਨੀ ਐਪ ਰਾਹੀ ਆਨਲਾਈਨ ਸਰਵੇ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਚੰਦਰ ਸ਼ੇਖਰ ਕੱਕੜ ਨੇ ਵੀ ਸਿਵਲ ਹਸਪਤਾਲ ਫਰੀਦਕੋਟ ਵਿਖੇ ਆਯੋਜਿਤ ਕੀਤੀਆਂ ਜਾ ਰਹੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਮੋਕੇ ਕੋਵਿਡ 19 ਦੇ ਨੋਡਲ ਅਫਸਰ ਡਾ ਮਨਜੀਤ ਭੱਲਾ, ਡਾ ਰਣਜੀਤ ਕੌਰ, ਨਰੇਸ਼ ਸ਼ਰਮਾ, ਡਾ ਪ੍ਰਭਦੀਪ ਚਾਵਲਾ ਅਤੇ ਹੋਰ ਪੈਰਾਮੈਡੀਕਲ ਸਟਾਫ ਹਾਜਰ ਸੀ।