ਗੋਰੇਗਾਓਂ, 6 ਅਕਤੂਬਰ – ਮੁੰਬਈ ਦੇ ਗੋਰੇਗਾਓਂ ਇਲਾਕੇ ਵਿਚ ਅੱਜ ਤੜਕੇ ਇਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 2 ਬੱਚਿਆਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੀ.ਐਮ.ਸੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਗ ਆਜ਼ਾਦ ਮੈਦਾਨ ਦੇ ਨੇੜੇ ਐਮ.ਜੀ. ਰੋਡ ਤੇ ਸਥਿਤ ਜੈ ਭਵਾਨੀ ਬਿਲਡਿੰਗ ਵਿੱਚ ਸਵੇਰੇ 3 ਵਜੇ ਦੇ ਕਰੀਬ ਲੱਗੀ, ਜੋ ਲੈਵਲ 2 ਸ਼੍ਰੇਣੀ ਦੀ ਸੀ। 7 ਮੰਜ਼ਿਲਾ ਇਹ ਇਮਾਰਤ ਗੋਰੇਗਾਓਂ ਪੱਛਮ ਦੇ ਆਜ਼ਾਦ ਨਗਰ ਇਲਾਕੇ ਵਿਚ ਸਥਿਤ ਹੈ।
ਅਧਿਕਾਰੀ ਨੇ ਦੱਸਿਆ ਕਿ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਜੋਗੇਸ਼ਵਰੀ ਦੇ ਟਰਾਮਾ ਸੈਂਟਰ ਅਤੇ ਜੁਹੂ ਦੇ ਕੂਪਰ ਹਸਪਤਾਲ ਵਿੱਚ ਲਿਜਾਇਆ ਗਿਆ। ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਦੋ ਬੱਚਿਆਂ ਅਤੇ ਦੋ ਔਰਤਾਂ ਸਮੇਤ 7 ਵਿਅਕਤੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ। ਹੋਰ ਜ਼ਖ਼ਮੀਆਂ ਦਾ ਦੋਵਾਂ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਨੂੰ ਕਰੀਬ 4 ਘੰਟੇ ਦਾ ਸਮਾਂ ਲੱਗਾ। ਅੱਗ ਬੁਝਾਉਣ ਦੇ ਕੰਮ ਵਿੱਚ 8 ਫਾਇਰ ਇੰਜਣਾਂ ਅਤੇ ਹੋਰ ਸਾਜ਼ੋ-ਸਾਮਾਨ ਦੀ ਵਰਤੋਂ ਕੀਤੀ ਗਈ।