ਸਰੀ, 5 ਅਕਤੂਬਰ 2023: ਬੀਤੇ ਦਿਨ ਵਿਰਾਸਤੀ ਗੁਰਦੁਆਰਾ ਸਾਹਿਬ ਐਬਸਫੋਰਡ ਵਿਖੇ ਪੰਜਾਬੀ ਸਾਹਿਤ ਸਭਾ ਮੁਢਲੀ, ਜੀਵੇ ਪੰਜਾਬ ਅਦਬੀ ਸੰਗਤ, ਵਿਰਾਸਤ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਗੁਰਦਾਸ ਰਾਮ ਆਲਮ ਪੰਜਾਬੀ ਸਾਹਿਤ ਸਭਾ ਸਰੀ ਕੈਨੇਡਾ, ਪੰਜ-ਆਬ ਕਲਚਰਲ ਐਸੋਸੀਏਸ਼ਨ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਵਿਰਾਸਤ ਫਾਊਂਡੇਸ਼ਨ ਸਮੇਤ ਵੱਖ-ਵੱਖ ਸਾਹਿਤਕ ਸੰਸਥਾਵਾਂ ਵੱਲੋਂ ਅਸ਼ੋਕ ਬਾਂਸਲ ਮਾਨਸਾ ਦੀ ਚਰਚਿਤ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਰਿਲੀਜ਼ ਕੀਤੀ ਗਈ। ਇਸ ਮੌਕੇ ਅਸ਼ੋਕ ਬਾਂਸਲ ਮਾਨਸਾ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।
ਜ਼ਿਕਰਯੋਗ ਹੈ ਕਿ ਅਸ਼ੋਕ ਬਾਂਸਲ ਮਾਨਸਾ ਦੀ ਇਹ ਰਚਨਾ ਉਨ੍ਹਾਂ ਪੁਰਾਣੇ 20 ਗੀਤਕਾਰਾਂ ਬਾਰੇ ਲਿਖੀ ਇਕ ਖੋਜ ਪੁਸਤਕ ਹੈ, ਜਿਨ੍ਹਾਂ ਦੇ ਲਿਖੇ ਗੀਤ ਲੋਕ ਜ਼ਬਾਨ ਤੇ ਚੜ੍ਹ ਕੇ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ। ਇਸ ਕਿਤਾਬ ਉੱਪਰ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ, ਪੰਜਾਬੀ ਸਾਹਿਤ ਸਭਾ ਮੁਢਲੀ ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ, ਸਾਹਿਤ ਪ੍ਰੇਮੀ ਦਰਸ਼ਨ ਸ਼ਾਸੀ, ਪੰਜ ਆਬ ਕਲਚਰਲ ਐਸੋਸੀਏਸ਼ਨ ਮਿਸ਼ਨ ਦੇ ਪ੍ਰਤੀਨਿਧ ਸਤਨਾਮ ਸਿੰਘ ਸੱਤੀ ਗਰੇਵਾਲ, ਵਿਰਾਸਤ ਫਾਊਂਡੇਸ਼ਨ ਅਤੇ ਜੀਵੇ ਪੰਜਾਬ ਅਦਬੀ ਸੰਗਤ ਦੇ ਮੁਖੀ ਭੁਪਿੰਦਰ ਸਿੰਘ ਮੱਲ੍ਹੀ, ਗੁਰਦਾਸ ਰਾਮ ਆਲਮ ਪੰਜਾਬੀ ਸਾਹਿਤ ਸਭਾ ਸਰੀ ਦੇ ਸੰਸਥਾਪਕ ਪ੍ਰਿੰਸੀਪਲ ਮਲੂਕ ਚੰਦ ਕਲੇਰ, ਪ੍ਰੋਫੈਸਰ ਗੋਪਾਲ ਸਿੰਘ ਬੁੱਟਰ, ਪੰਜਾਬ ਤੋਂ ਆਈਆਂ ਬੀਬੀ ਗੁਰਦੇਵ ਕੌਰ, ਮਨਪ੍ਰੀਤ ਕੌਰ ਜਵੰਦਾ ਤੋਂ ਇਲਾਵਾ ਜਸਕਰਨ ਸਿੰਘ ਧਾਲੀਵਾਲ, ਸੁਰਜੀਤ ਸਿੰਘ ਸਹੋਤਾ, ਮੁਲਕ ਰਾਜ ਪ੍ਰੇਮੀ, ਦਿਲਬਾਗ ਸਿੰਘ ਅਖਾੜਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਵਿਚਾਰ ਪੇਸ਼ ਕੀਤੇ ਅਤੇ ਕੈਨੇਡਾ ਦੇ ਮੂਲ ਵਾਸੀਆਂ ਦੇ ਦਿਹਾੜੇ ਬਾਰੇ ਵਿਚਾਰ-ਚਰਚਾ ਕੀਤੀ।
ਕਿਤਾਬ ਦੇ ਲੇਖਕ ਅਸ਼ੋਕ ਬਾਂਸਲ ਨੇ ਆਪਣੀ ਇਸ ਲਿਖਤ ਬਾਰੇ ਕਿਹਾ ਕਿ ਭੁੱਲੇ ਵਿਸਰੇ ਮਹਾਨ ਗੀਤਕਾਰਾਂ ਬਾਰੇ ਲਿਖਦਿਆਂ ਉਹਨਾਂ ਆਪਣੇ ਜਜ਼ਬਾਤ ਕਿਤਾਬ ਦੇ ਰੂਪ ਵਿੱਚ ਸਾਂਝੇ ਕੀਤੇ ਹਨ। ਇਸ ਮੌਕੇ ‘ਤੇ ਪੰਜਾਬੀ ਲਿਖਾਰੀ ਗੁਰਦੇਵ ਸਿੰਘ ਬਰਾੜ ਆਲਮ ਵਾਲਾ ਨੇ ਆਪਣੀ ਕਿਤਾਬ ‘ਕੈਨੇਡੀਅਨ ਭੱਈਆਣੀ’ ਅਸ਼ੋਕ ਬਾਂਸਲ ਮਾਨਸਾ ਅਤੇ ਪੰਜਾਬੀ ਸਾਹਿਤ ਸਭਾ ਮੁਢਲੀ ਨੂੰ ਭੇਟ ਕੀਤੀ। ਪ੍ਰੋਗਰਾਮ ਦਾ ਸੰਚਾਲਨ ਗੁਰਪ੍ਰੀਤ ਸਿੰਘ ਚਾਹਲ ਨੇ ਕੀਤਾ। ਦੇਸ਼ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਅਤੇ ਪੰਜਾਬੀ ਚੈਨਲ ਦੇ ਗੁਰਵਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ।
ਇਸ ਮੌਕੇ ਉਕਤ ਸੰਸਥਾਵਾਂ ਵੱਲੋਂ ਪਾਸ ਕੀਤੇ ਇਕ ਸਾਂਝੇ ਮਤੇ ਰਾਹੀਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਜ਼ੁਬਾਨ ‘ਚ ਭਾਸ਼ਣ ਦੇ ਕੇ ਪੰਜਾਬੀ ਦੇ ਸਤਿਕਾਰ ਵਿਚ ਵਾਧਾ ਕਰਨ ਲਈ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦਾ ਧੰਨਵਾਦ ਕੀਤਾ ਗਿਆ।