ਬਠਿੰਡਾ, 25 ਸਤੰਬਰ 2023: ਕੀ ਬਠਿੰਡਾ ਵਿਕਾਸ ਅਥਾਰਟੀ ਦੇ ਦੋ ਪਲਾਟ ਖਰੀਦਣ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਕੋਲ ਭਾਜਪਾ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਅਹਿਮ ਸਬੂਤ ਹਨ? ਸਿਆਸੀ ਤੇ ਹਲਕਿਆਂ ‘ਚ ਚੱਲ ਰਹੀ ਚੁੰਝ ਚਰਚਾ ਤੇ ਵਿਜੀਲੈਂਸ ਵੱਲੋਂ 8 ਦਰਜ ਐਫ਼ ਆਈ ਆਰ ਦੀ ਇਬਾਰਤ ਤੇ ਝਾਤੀ ਮਾਰੀਏ ਤਾਂ ਇਹ ਸਹੀ ਹੈ।
ਵਿਜੀਲੈਂਸ ਨੇ ਹੁਣ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸ਼ਕ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਏਡੀਸੀ ਬਿਕਰਮਜੀਤ ਸਿੰਘ ਸ਼ੇਰਗਿੱਲ, ਪੰਕਜ ਕਾਲੀਆ ਸੁਪਰਡੈਂਟ ਸਟੇਟ ਅਫ਼ਸਰ ਗਲਾਡਾ ਲੁਧਿਆਣਾ, ਰਾਜੀਵ ਕੁਮਾਰ ਪੁੱਤਰ ਸੁਭਾਸ਼ ਕੁਮਾਰ ਵਾਸੀ ਸ਼ਕਤੀ ਨਗਰ, ਵਿਕਾਸ ਅਰੋੜਾ ਪੁੱਤਰ ਮਦਨ ਲਾਲ ਟੈਗੋਰ ਨਗਰ, ਅਮਨਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਲਾਲ ਸਿੰਘ ਬਸਤੀ ਖਿਲਾਫ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਵਿਜੀਲੈਂਸ ਹੱਥ ਕੁੱਝ ਤਕਨੀਕੀ ਨੁਕਤੇ ਲੱਗੇ ਹਨ, ਜਿਨ੍ਹਾਂ ਸਿੱਧ ਹੁੰਦਾ ਹੈ ਕਿ ਇਹਨਾਂ ਦੋਵਾਂ ਪਲਾਟਾਂ ਦੇ ਮਾਮਲੇ ਵਿੱਚ ਸਰਕਾਰੀ ਖਜਾਨੇ ਨੂੰ 65 ਲੱਖ ਰੁਪਏ ਤੋਂ ਵੱਧ ਦਾ ਰਗੜਾ ਲਗਾ ਹੈ। ਇਹੋ ਕਾਰਨ ਹੈ ਕਿ ਜਾਂਚ ਕਾਨੂੰਨੀ ਤੌਰ ਮਜਬੂਤ ਨਜ਼ਰ ਆਉਂਦੀ ਹੋਣ ਕਰਕੇ ਵਿਜੀਲੈਂਸ ਨੇ ਕਿਸੇ ਵੇਲੇ ਧੱਕੜ ਮੰਤਰੀ ਮੰਨੇ ਜਾਂਦੇ ਮਨਪ੍ਰੀਤ ਬਾਦਲ ਖਿਲਾਫ ਕਾਰਵਾਈ ਕਰਨ ਵਿੱਚ ਰਤਾ ਵੀ ਢਿੱਲ ਨਹੀਂ ਵਰਤੀ।
ਦੱਸਣਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੰਤਰੀ ਹੁੰਦਿਆਂ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਆਪਣੀ ਰਿਹਾਇਸ਼ ਬਣਾਉਣ ਲਈ 1560 ਵਰਗ ਗਜ਼ ਦੋ ਪਲਾਟ ਖਰੀਦੇ ਸਨ। ਇਸ ਖਰੀਦੋ ਫਰੋਖਤ ਦੌਰਾਨ ਬੇਨਿਯਮੀਆਂ ਹੋਣ ਬਾਰੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਸਿੰਗਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਕੁੱਝ ਸਮਾਂ ਤਾਂ ਮਾਮਲਾ ਠੰਢੇ ਬਸਤੇ ਵਿੱਚ ਪਿਆ ਰਿਹਾ ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਵਿੱਚ ਸੱਤਾ ਤਬਦੀਲੀ ਪਿੱਛੋਂ ਵਿਜ਼ੀਲੈਂਸ ਨੇ ਮਾਮਲੇ ਦੀ ਪੜਤਾਲ ਵਿੱਚ ਤੇਜ਼ੀ ਲੈ ਆਂਦੀ ਸੀ। ਜਾਂਚ ਦੌਰਾਨ ਵਿਜੀਲੈਂਸ ਦੇ ਹੱਥ ਕਈ ਸਬੂਤ ਲੱਗੇ ਹਨ ਜਿਨ੍ਹਾਂ ਦੇ ਅਧਾਰ ਤੇ ਭ੍ਰਿਸ਼ਟਾਚਾਰ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਹੈ।