ਹਾਪੁੜ, 21 ਸਤੰਬਰ – ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਧੌਲਾਨਾ ਖੇਤਰ ਵਿੱਚ ਇਕ ਬੇਕਾਬੂ ਕੈਂਟਰ ਸੜਕ ਕਿਨਾਰੇ ਬਣੇ ਢਾਬੇ ਵਿੱਚ ਜਾ ਵੜਿਆ, ਜਿਸ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਦੱਸਿਆ ਕਿ ਬੀਤੀ ਰਾਤ ਧੌਲਾਨਾ-ਮਸੂਰੀ ਮਾਰਗ ਤੇ ਸੜਕ ਕਿਨਾਰੇ ਬਣੇ ਢਾਬੇ ਵਿਚ ਕੁਝ ਲੋਕ ਖਾਣਾ ਖਾ ਰਹੇ ਸਨ, ਤਾਂ ਮਸੂਰੀ ਵੱਲੋਂ ਆ ਰਿਹਾ ਇਕ ਟਰੱਕ ਬੇਕਾਬੂ ਹੋ ਕੇ ਢਾਬੇ ਦੀ ਕੰਧ ਨੂੰ ਤੋੜਦੇ ਹੋਏ ਅੰਦਰ ਜਾ ਵੜਿਆ ਅਤੇ ਘਟਨਾ ਵਾਲੀ ਥਾਂ ਤੇ ਮੌਜੂਦ ਕਈ ਲੋਕ ਉਸ ਦੀ ਲਪੇਟ ਵਿੱਚ ਆ ਗਏ।
ਓਧਰ ਘਟਨਾ ਵਾਲੀ ਥਾਂ ਤੇ ਪਹੁੰਚੀ ਪੁਲੀਸ ਨੇ ਸਾਰੇ 7 ਵਿਅਕਤੀਆਂ ਨੂੰ ਹਸਪਤਾਲ ਭੇਜਿਆ, ਜਿੱਥੇ ਡਾਕਟਰਾਂ ਨੇ 4 ਵਿਅਕਤੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਏਟਾ ਦੇ ਗੰਗਾਪੁਰ ਪਿੰਡ ਵਾਸੀ ਅਰੁਣ (28), ਕਾਸਗੰਜ ਦੇ ਜਤਿੰਦਰ (18) ਦੇ ਰੂਪ ਵਿਚ ਹੋਈ ਹੈ, ਜਦਕਿ ਦੋ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ 3 ਹੋਰ ਲੋਕਾਂ ਸ਼ਿਵਕੁਮਾਰ, ਸੁਧੀਰ ਅਤੇ ਸਚਿਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲੀਸ ਅਧਿਕਾਰੀ ਵਰੁਣ ਮਿਸ਼ਰਾ ਨੇ ਦੱਸਿਆ ਕਿ ਟਰੱਕ ਡਰਾਈਵਰ ਨਸ਼ੇ ਵਿੱਚ ਸੀ, ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ।