ਕੈਨੇਡਾ, 21 ਸਤੰਬਰ – ਖਾਲਿਸਤਾਨ ਦੇ ਮੁੱਦੇ ਤੇ ਭਾਰਤ- ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਦਰਮਿਆਨ ਕੈਨੇਡਾ ਵਿੱਚ ਇਕ ਹੋਰ ਗੈਂਗਸਟਰ ਦਾ ਕਤਲ ਹੋ ਗਿਆ ਹੈ। ਉਸ ਦਾ ਨਾਂ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਹੈ। ਸੁਖਦੁਲ ਸਿੰਘ ਖਾਲਿਸਤਾਨ ਪੱਖੀ ਤਾਕਤਾਂ ਵਿੱਚ ਸ਼ਾਮਲ ਹੋ ਗਿਆ ਸੀ। ਉਹ ਐਨ ਆਈ ਏ ਵੱਲੋਂ ਗੈਂਗਸਟਰਾਂ ਦੀ ਜਾਰੀ ਕੀਤੀ ਵਾਂਟੇਡ ਲਿਸਟ ਵਿਚ ਵੀ ਸ਼ਾਮਲ ਸੀ। ਉਸ ਦਾ ਦਵਿੰਦਰ ਬੰਬੀਹਾ ਗੈਂਗ ਨਾਲ ਲਿੰਕ ਸੀ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਦੁੱਨੇਕੇ ਪਿੰਡ ਦਾ ਰਹਿਣ ਵਾਲਾ ਸੀ। ਉਹ ਜ਼ਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਭਾਰਤ ਤੋਂ ਕੈਨੇਡਾ ਭੱਜ ਗਿਆ ਸੀ।
ਇਸ ਸਬੰਧੀ ਇਕ ਫੇਸਬੁੱਕ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿਚ ਲਿਖਿਆ ਗਿਆ ਹੈ ਕਿ ਸੁੱਖਾ ਜੋ ਬੰਬੀਹਾ ਗਰੁੱਪ ਦਾ ਇੰਚਾਰਜ ਬਣਿਆ ਫਿਰਦਾ ਸੀ, ਉਸ ਦਾ ਕੈਨੇਡਾ ਵਿਚ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਲੈਂਦਾ ਹੈ। ਸਾਡੇ ਭਰਾ ਗੁਰਲਾਲ ਬਰਾੜ, ਵਿੱਕੀ ਦੇ ਕਤਲ ਵਿਚ ਇਨ੍ਹਾਂ ਨੇ ਹੀ ਬਾਹਰ ਬੈਠ ਕੇ ਕੀਤਾ ਸੀ। ਸੰਦੀਪ ਨੰਗਲ ਅੰਬੀਆਂ ਦਾ ਕਤਲ ਵੀ ਇਨ੍ਹਾਂ ਨੇ ਹੀ ਕਰਵਾਇਆ ਸੀ ਪਰ ਹੁਣ ਇਸ ਦੇ ਕੀਤੇ ਦੀ ਸਜ਼ਾ ਇਸ ਨੂੰ ਮਿਲ ਗਈ।
ਜ਼ਿਕਰਯੋਗ ਹੈ ਕਿ ਇਸੇ ਸਾਲ ਜੂਨ ਵਿੱਚ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਰਦੀਪ ਸਿੰਘ ਦੇ ਕਤਲ ਕਾਰਨ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ।
ਪੰਜਾਬ ਅਤੇ ਆਸ-ਪਾਸ ਦੇ 29 ਗੈਂਗਸਟਰ ਅਜਿਹੇ ਹਨ, ਜਿਨ੍ਹਾਂ ਨੇ ਕਾਨੂੰਨ ਤੋਂ ਬਚਣ ਲਈ ਵਿਦੇਸ਼ਾਂ ਵਿੱਚ ਸ਼ਰਨ ਲਈ ਹੋਈ ਹੈ। ਉਹ ਜਾਂ ਤਾਂ ਭਾਰਤੀ ਪਾਸਪੋਰਟ ਤੇ ਜਾਂ ਫਰਜ਼ੀ ਦਸਤਾਵੇਜ਼ਾਂ ਰਾਹੀਂ ਜਾਂ ਨੇਪਾਲ ਰਾਹੀਂ ਭਾਰਤ ਤੋਂ ਭੱਜੇ ਹਨ। ਭਾਰਤ ਦੇ ਇਨ੍ਹਾਂ ਅਪਰਾਧੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਵਿਚ ਕੈਨੇਡਾ ਸਭ ਤੋਂ ਅੱਗੇ ਹੈ।